'ਆਪ' ਨੇ ਭਾਜਪਾ ਦੀ ਮੀਟਿੰਗ ਵਾਲੇ ਥਾਂ 'ਤੇ ਕੀਤੀ ਨਾਹਰੇਬਾਜ਼ੀ

ਏਜੰਸੀ

ਖ਼ਬਰਾਂ, ਪੰਜਾਬ

'ਆਪ' ਨੇ ਭਾਜਪਾ ਦੀ ਮੀਟਿੰਗ ਵਾਲੇ ਥਾਂ 'ਤੇ ਕੀਤੀ ਨਾਹਰੇਬਾਜ਼ੀ

image

ਇਰਾਨੀ ਦੀ ਪ੍ਰੈੱਸ ਕਾਨਫ਼ਰੰਸ ਵਾਲੇ ਹੋਟਲ ਨੂੰ ਪੁਲਿਸ ਛਾਉਣੀ ਵਿਚ ਬਦਲਿਆ

ਬਠਿੰਡਾ, 15 ਅਕਤੂਬਰ (ਸੁਖਜਿੰਦਰ ਮਾਨ) : ਖੇਤੀ ਬਿੱਲਾਂ ਦੇ ਹੱਕ ਵਿਚ ਸਫ਼ਾਈ ਦੇਣ ਲਈ ਬਠਿੰਡਾ 'ਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵਲੋਂ ਵੀਡੀਉ ਕਾਨਫ਼ਰੰਸ ਰਾਹੀਂ ਸੱਦੀ ਮੀਟਿੰਗ ਦੌਰਾਨ ਸਥਾਨਕ ਬੀਬੀਵਾਲਾ ਰੋਡ 'ਤੇ ਸਥਿਤ ਹੋਟਲ ਅੱਗੇ ਆਮ ਆਦਮੀ ਪਾਰਟੀ ਵਲੋਂ ਨਾਹਰੇਬਾਜ਼ੀ ਕੀਤੀ ਗਈ। ਬਿੱਲਾਂ ਦੇ ਹੱਕ ਵਿਚ ਭਾਜਪਾ ਆਗੂਆਂ, ਆੜ੍ਹਤੀਆਂ ਅਤੇ ਪੱਤਰਕਾਰਾਂ ਨਾਲ ਕੀਤੀ ਇਸ ਮੀਟਿੰਗ ਵਿਚ ਖਲਲ ਪਾਉਣ ਤੋਂ ਰੋਕਣ ਲਈ ਪੁਲਿਸ ਵਲੋਂ ਵੱਡੀ ਗਿਣਤੀ ਵਿਚ ਸੁਰੱਖਿਆ ਅਮਲਾ ਤੈਨਾਤ ਕੀਤਾ ਗਿਆ ਸੀ।
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਦੀ ਅਗਵਾਈ ਹੇਠ ਦੋ ਦਰਜ਼ਨ ਦੀ ਗਿਣਤੀ 'ਚ ਪੁੱਜੇ ਆਪ ਆਗੂਆਂ ਤੇ ਵਰਕਰਾਂ ਵਲੋਂ ਸ੍ਰੀਮਤੀ ਇਰਾਨੀ ਤੇ ਭਾਜਪਾ ਵਿਰੁਧ ਜੰਮਕੇ ਨਾਹਰੇਬਾਜ਼ੀ ਕੀਤੀ ਗਈ। ਇਸ ਨਾਹਰੇਬਾਜ਼ੀ ਦੌਰਾਨ ਈਰਾਨੀ ਦੀ ਮੀਟਿੰਗ ਜਾਰੀ ਰਹੀ। ਆਪ ਲੀਡਰਸ਼ਿਪ ਦੀ ਅਗਵਾਈ ਵਿਚ ਵਰਕਰਾਂ ਨੇ ਕਾਲੀਆਂ ਝੰਡੀਆਂ ਲੈ ਕੇ ਭਾਜਪਾਈ ਵਰਕਰਾਂ ਦਾ ਵਿਰੋਧ ਕੀਤਾ ਤੇ ਸਮਰਿਤੀ ਇਰਾਨੀ ਗੋ ਬੈਕ ਅਤੇ ਕਿਸਾਨ ਸੰਘਰਸ਼ ਜਿੰਦਾਬਾਦ ਦੇ ਨਾਅਰੇ ਲਾਏ। ਮੌਕੇ 'ਤੇ ਮੌਜੂਦ ਆਪ ਲੀਡਰਸ਼ਿਪ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਕਿਸਾਨ ਵਿਰੋਧੀ ਬਿੱਲ ਲਿਆ ਕੇ ਕਿਸਾਨਾਂ ਨੂੰ ਸੜਕਾਂ 'ਤੇ ਉਤਰਨ ਲਈ ਮਜਬੂਰ ਕਰ ਦਿਤਾ ਹੈ।
ਉਨ੍ਹਾਂ ਮੰਗ ਕੀਤੀ ਕਿ ਇਹ ਖੇਤੀ ਬਿੱਲ ਕਿਸਾਨ ਵਿਰੋਧੀ ਹਨ ਅਤੇ ਇਨ੍ਹਾਂ ਨੂੰ ਤੁਰਤ ਰੱਦ ਕਰਨਾ ਚਾਹੀਦਾ ਹੈ। ਅੱਜ ਕੇਂਦਰੀ ਮੰਤਰੀਆਂ ਵਲੋਂ ਪ੍ਰੈੱਸ ਕਾਨਫ਼ਰੰਸਾਂ ਆੜ੍ਹਤੀਆਂ ਅਤੇ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਡਰਾਮਾ ਕੀਤਾ ਜਾ ਰਿਹਾ ਹੈ, ਕਿਉਂਕਿ ਆਮ ਕਿਸਾਨ ਬਿੱਲਾਂ ਦੇ ਵਿਰੋਧ ਵਿਚ ਸੜਕਾਂ 'ਤੇ ਬੈਠਾ ਹੈ, ਜਿਸ ਨਾਲ ਸਰਕਾਰ ਗੱਲਬਾਤ ਨਹੀਂ ਕਰ ਰਹੀ, ਪ੍ਰੰਤੂ ਹੋਟਲਾਂ ਵਿੱਚ ਸੁਰੱਖਿਆ ਪ੍ਰਬੰਧਾਂ ਰਾਹੀਂ ਅਪਣੇ ਚਹੇਤਿਆਂ ਅਤੇ ਭਾਜਪਾਈ ਵਰਕਰਾਂ ਨਾਲ ਮੀਟਿੰਗਾਂ ਕਰ ਕੇ ਇਸ ਨੂੰ ਕਿਸਾਨ/ਆੜ੍ਹਤੀਆਂ ਨਾਲ ਮੀਟਿੰਗਾਂ ਕਰਨ ਦਾ ਰੂਪ ਦਿਤਾ ਜਾ ਰਿਹਾ ਹੈ।
ਇਸ ਮੌਕੇ ਪਾਰਟੀ ਆਗੂ ਅਨਿਲ ਠਾਕੁਰ, ਅਮਰਦੀਪ ਸਿੰਘ ਰਾਜਨ, ਅਮ੍ਰਿਤ ਲਾਲ ਅਗਰਵਾਲ, ਮਹਿੰਦਰ ਸਿੰਘ ਫੁਲੋਮਿਠੀ, ਗੁਰਲਾਲ ਸਿੰਘ , ਪਰਦੀਪ ਮਿੱਤਲ ਆਦਿ ਹਾਜ਼ਰ ਸਨ।







ਆੜ੍ਹਤੀਆਂ ਨੇ ਇਰਾਨੀ ਨਾਲ ਮੀਟਿੰਗ ਦਾ ਕੀਤਾ ਬਾਈਕਾਟ
ਬਠਿੰਡਾ : ਦੂਜੇ ਪਾਸੇ ਸਮ੍ਰਿਤੀ ਇਰਾਨੀ ਨਾਲ ਮੀਟਿੰਗ ਕਰਨ ਪੁੱਜੇ ਆੜ੍ਹਤੀਆਂ ਦੇ ਇਕ ਵਫ਼ਦ ਵਲੋਂ ਬਾਈਕਾਟ ਕਰਦੇ ਹੋਏ ਮੋਦੀ ਸਰਕਾਰ ਵਿਰੁਧ ਹੋਟਲ ਅੱਗੇ ਨਾਅਰੇਬਾਜ਼ੀ ਕੀਤੀ ਗਈ। ਫ਼ੈਡਰੇਸਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਹੇਠ ਹਰਿਆਣਾ ਤੇ ਰਾਜਸਥਾਨ ਦੇ ਪ੍ਰਧਾਨ ਸਹਿਤ ਅੱਧੀ ਦਰਜਨ ਅਹੁਦੇਦਾਰਾਂ ਨੇ ਇਸ ਮੌਕੇ ਦਾਅਵਾ ਕੀਤਾ ਕਿ ''ਉਨ੍ਹਾਂ ਨੂੰ ਭਾਜਪਾ ਆਗੂਆਂ ਵਲੋਂ ਕੇਂਦਰੀ ਮੰਤਰੀ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਸੱਦਿਆ ਗਿਆ ਸੀ ਪ੍ਰੰਤੂ ਜਦ ਉਹ ਅੰਦਰ ਪੁੱਜੇ ਤਾਂ ਇਥੇ ਪਾਰਟੀ ਪ੍ਰੋਗਰਾਮ ਚਲ ਰਿਹਾ ਸੀ। ਜਿਸਦੇ ਚਲਦੇ ਉਨ੍ਹਾਂ ਸ੍ਰੀਮਤੀ ਇਰਾਨੀ ਨਾਲ ਗੱਲਬਾਤ ਦਾ ਸੱਦਾ ਰੱਦ ਕਰਦਿਆਂ ਬਾਈਕਾਟ ਕਰ ਦਿਤਾ ਗਿਆ।'' ਸ੍ਰੀ ਕਾਲੜਾ ਨੇ ਇਹ ਵੀ ਦਾਅਵਾ ਕੀਤਾ ਕਿ ਨਵੇਂ ਖੇਤੀ ਕਾਨੂੰਨਾਂ ਦੇ ਨਾਲ ਇਕੱਲੇ ਕਿਸਾਨਾਂ ਨੂੰ ਨਹੀਂ, ਬਲਕਿ ਆੜ੍ਹਤੀਆਂ ਨੂੰ ਵੀ ਵੱਡਾ ਨੁਕਸਾਨ ਝੱਲਣਾ ਪਏਗਾ। ਉਨ੍ਹਾਂ ਬੀਤੇ ਕਲ ਦਿੱਲੀ ਸੱਦ ਕੇ ਕੇਂਦਰ ਵਲੋਂ ਕਿਸਾਨਾਂ ਦੀ ਗੱਲ ਨਾ ਸੁਣਨ ਦੀ ਵੀ ਨਿਖੇਧੀ ਕੀਤੀ।
ਇਸ ਖ਼ਬਰ ਨਾਲ ਸਬੰਧਤ ਫੋਟੋ 15 ਬੀਟੀਆਈ 02 ਨੰਬਰ ਵਿਚ ਭੇਜੀ ਜਾ ਰਹੀ ਹੈ।
ਫ਼ੋਟੋ ਇਕਬਾਲ ਸਿੰਘ।