...ਤੇ ਹੁਣ ਸੁਖਬੀਰ ਸਿੰਘ ਬਾਦਲ ਦੀ 'ਜਥੇਦਾਰਾਂ' ਨਾਲ 'ਬੰਦ ਕਮਰਾ' ਮੀਟਿੰਗ ਨੂੰ ਲੈ ਕੇ ਵਿਵਾਦ

ਏਜੰਸੀ

ਖ਼ਬਰਾਂ, ਪੰਜਾਬ

...ਤੇ ਹੁਣ ਸੁਖਬੀਰ ਸਿੰਘ ਬਾਦਲ ਦੀ 'ਜਥੇਦਾਰਾਂ' ਨਾਲ 'ਬੰਦ ਕਮਰਾ' ਮੀਟਿੰਗ ਨੂੰ ਲੈ ਕੇ ਵਿਵਾਦ

image

'ਜਥੇਦਾਰਾਂ' ਨੂੰ ਸਿਆਸਤਦਾਨਾਂ ਦਾ ਪ੍ਰਭਾਵ ਨਹੀਂ ਕਬੂਲਣਾ ਚਾਹੀਦਾ : ਦੁਪਾਲਪੁਰ
 

ਕੋਟਕਪੂਰਾ, 15 ਅਕਤੂਬਰ (ਗੁਰਿੰਦਰ ਸਿੰਘ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ, ਸਿੱਖ ਚਿੰਤਕ, ਪ੍ਰਵਾਸੀ ਭਾਰਤੀ ਤੇ ਪੰਥਕ ਵਿਦਵਾਨ ਭਾਈ ਤਰਲੋਚਨ ਸਿੰਘ ਦੁਪਾਲਪੁਰ ਨੇ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਸਾਹਿਬ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਸਵਾਲਾਂ ਦੇ ਘੇਰੇ 'ਚ ਲਿਆਉਂਦਿਆਂ ਪੁਛਿਆ ਹੈ ਕਿ ਭਾਵੇਂ ਸੁਖਬੀਰ ਸਿੰਘ ਬਾਦਲ ਵਲੋਂ ਅਪਣੇ ਪਿਤਾ ਦੀ ਤਰ੍ਹਾਂ ਗਾਹੇ-ਬ-ਗਾਹੇ ਬਿਆਨ ਦਾਗੇ ਜਾਂਦੇ ਹਨ ਕਿ ਅਸੀਂ ਸ਼੍ਰੋਮਣੀ ਕਮੇਟੀ ਦੇ ਕੰਮਾਂ 'ਚ ਕਦੇ ਦਖ਼ਲ ਨਹੀਂ ਦਿਤਾ ਪਰ ਪਿਛਲੇ ਦਿਨੀਂ ਗਿਆਨੀ ਹਰਪ੍ਰੀਤ ਸਿੰਘ ਅਤੇ ਭਾਈ ਲੌਂਗੋਵਾਲ ਨਾਲ ਕੀਤੀ ਬੰਦ ਕਮਰਾ ਮੀਟਿੰਗ ਦੇ ਵੇਰਵੇ ਸੁਖਬੀਰ ਸਿੰਘ ਬਾਦਲ ਸਿਆਸੀ ਮਜਬੂਰੀਆਂ ਜਾਂ ਚਲਾਕੀਆਂ ਕਰ ਕੇ ਭਾਵੇਂ ਨਾ ਦੇਣ ਪਰ ਗਿਆਨੀ ਹਰਪ੍ਰੀਤ ਸਿੰਘ ਅਤੇ ਭਾਈ ਲੌਂਗੋਵਾਲ ਨੂੰ ਉਕਤ ਬੰਦ ਕਮਰਾ ਮੀਟਿੰਗ ਦੇ ਵੇਰਵੇ ਸੰਗਤ ਦੇ ਸਾਹਮਣੇ ਰਖਣੇ ਚਾਹੀਦੇ ਹਨ।
ਸ. ਦੁਪਾਲਪੁਰ ਮੁਤਾਬਕ ਭਾਵੇਂ ਸੁਖਬੀਰ ਸਿੰਘ ਬਾਦਲ ਅਤੇ ਭਾਈ ਲੌਂਗੋਵਾਲ ਤਾਂ ਸਿਆਸੀ ਗਿਣਤੀਆਂ-ਮਿਣਤੀਆਂ ਦੇ ਗੁਲਾਮ ਹਨ ਪਰ ਗਿਆਨੀ ਹਰਪ੍ਰੀਤ ਸਿੰਘ ਨੂੰ ਤਾਂ ਕੁੱਝ ਲੋਕ ਪੰਥ ਦੇ ਸਰਬਸਾਂਝੇ ਤਰਜਮਾਨ ਮੰਨਦੇ ਹਨ। ਉਨ੍ਹਾਂ ਪੁਛਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਖ ਪੰਥ ਤੋਂ ਕਿਸੇ ਵੀ ਗੱਲ ਦਾ ਪਰਦਾ ਨਹੀਂ ਰਖਣਾ ਚਾਹੀਦਾ ਪਰ ਸਰਬਸਾਂਝੇ ਹੋਣ ਕਰ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਿੱਖ ਪੰਥ ਤੋਂ ਕਿਸੇ ਵੀ ਪ੍ਰਕਾਰ ਦਾ ਉਹਲਾ ਨਹੀਂ ਰਖਣਾ ਚਾਹੀਦਾ। ਉਨ੍ਹਾਂ ਪੁਛਿਆ ਕਿ ਜਿਸ ਵੇਲੇ ਪੰਜਾਬ ਦਾ ਸਿੱਖ ਕਿਸਾਨ ਜ਼ਿੰਦਗੀ-ਮੌਤ ਦੀ ਲੜਾਈ ਲੜ ਰਿਹਾ ਹੈ, ਉਸ ਸਮੇਂ ਸਿੱਖ ਸਿਆਸਤ 'ਚ ਕਿਹੜੀਆਂ ਵਿਉਂਤਾਂ ਗੁੰਦੀਆਂ ਜਾ ਰਹੀਆਂ ਹਨ? ਸ. ਦੁਪਾਲਪੁਰ ਨੇ ਇਸ ਗੱਲੋਂ ਵੀ ਹੈਰਾਨੀ ਪ੍ਰਗਟਾਈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਸਾਨ ਅੰਦੋਲਨ ਨਾਲ ਵੀ ਹਮਦਰਦੀ ਉਸ ਸਮੇਂ ਜਾਗੀ ਜਦ ਬਾਦਲ ਦਲ ਨੇ ਅਪਣੇ ਉਖੜੇ ਪੈਰ ਜਮਾਉਣ ਦੀ ਕੋਸ਼ਿਸ਼ ਵਜੋਂ ਯੂ-ਟਰਨ ਮਾਰੀ ਹੈ। ਕੁੱਝ ਦਿਨ ਪਹਿਲਾਂ ਹੋਈ ਬੰਦ ਕਮਰਾ ਮੀਟਿੰਗ ਨੇ 'ਜਥੇਦਾਰ' ਦੇ ਉਹ ਸੱਭ ਦਾਅਵੇ ਵੀ ਝੂਠੇ ਸਾਬਤ ਕਰ ਦਿਤੇ ਹਨ, ਜਿਹੜੇ ਉਹ ਕਿਸੇ ਦੇ ਸਿਆਸੀ
ਪ੍ਰਭਾਵ ਤੋਂ ਇਨਕਾਰ ਕਰਦੇ ਰਹਿੰਦੇ ਹਨ। ਸ. ਦੁਪਾਲਪੁਰ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਦੀਆਂ ਸੰਭਾਵਤ ਚੋਣਾਂ ਦੇ ਮੱਦੇਨਜ਼ਰ 'ਜਥੇਦਾਰ' ਨੂੰ ਅਹੁਦੇ ਦੀ ਸਰਬਉੱਚਤਾ ਬਰਕਰਾਰ ਰੱਖਣ ਲਈ ਇਕ ਧੜੇ ਨਾਲ ਗੁਪਤ ਮੀਟਿੰਗਾਂ ਸ਼ੋਭਾ ਨਹੀਂ ਦਿੰਦੀਆਂ। ਸਗੋਂ ਉਹ ਸਮੁੱਚੀ ਕੌਮ ਦੀ ਸੁਯੋਗ ਅਗਵਾਈ ਕਰਦਿਆਂ ਪੰਥਕ ਕੇਂਦਰ ਤੋਂ ਬਾਦਲਸ਼ਾਹੀ ਦਾ ਜੂਲਾ ਲਾਹੁਣ ਲਈ ਅਪਣੀਆਂ ਸੇਵਾਵਾਂ ਦੇਣ।
ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਉਹ ਸੁਖਬੀਰ ਸਿੰਘ ਬਾਦਲ ਹੈ ਜੋ ਰਾਜਭਾਗ ਵੇਲੇ ਤਖ਼ਤ ਸਾਹਿਬਾਨ ਦੀ ਮਾਣ ਮਰਿਆਦਾ ਦਾ ਘਾਣ ਕਰਦਿਆਂ 'ਜਥੇਦਾਰਾਂ' ਨੂੰ ਚੰਡੀਗੜ੍ਹ ਵਿਖੇ ਅਪਣੀ ਸਰਕਾਰੀ ਰਿਹਾਇਸ਼ 'ਤੇ ਤਲਬ ਕਰ ਕੇ ਮਨਪਸੰਦ ਹੁਕਮਨਾਮੇ ਅਤੇ ਮਾਫ਼ੀਨਾਮੇ ਜਾਰੀ ਕਰਵਾਉਂਦਾ ਰਿਹਾ। ਅਜਿਹੇ ਸਿਆਸਤਦਾਨ ਨਾਲ ਗਿਆਨੀ ਹਰਪ੍ਰੀਤ ਸਿੰਘ ਅਤੇ ਭਾਈ ਲੌਂਗੋਵਾਲ ਦੀ ਚੋਰੀ ਚੋਰੀ ਮਿਲਣੀ ਸੰਗਤਾਂ ਨੂੰ ਨਿਰਾਸ਼ ਤਾਂ ਕਰੇਗੀ ਹੀ ਬਲਕਿ ਤਖ਼ਤ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਦੇ ਅਹੁਦੇ ਦੀ ਭਰੋਸੇਯੋਗਤਾ ਲਈ ਵੀ ਖ਼ਤਰਾ ਪੈਦਾ ਕਰ ਸਕਦੀ ਹੈ।

ਫੋਟੋ :- ਕੇ.ਕੇ.ਪੀ.-ਗੁਰਿੰਦਰ-15-1ਏ