ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਆਗੂਆਂ ਨੇ ਦਿੱਲੀ 'ਚ ਕ੍ਰਿਸ਼ੀ ਭਵਨ ਮੂਹਰੇ ਦਿਤਾ ਰੋਸ ਧਰਨਾ
ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਆਗੂਆਂ ਨੇ ਦਿੱਲੀ 'ਚ ਕ੍ਰਿਸ਼ੀ ਭਵਨ ਮੂਹਰੇ ਦਿਤਾ ਰੋਸ ਧਰਨਾ
ਨਵੀਂ ਦਿੱਲੀ, 15 ਅਕਤੂਬਰ (ਸੁਖਰਾਜ ਸਿੰਘ): ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਆਗੂਆਂ ਨੇ ਅੱਜ ਇਥੇ ਕ੍ਰਿਸ਼ੀ ਭਵਨ ਦੇ ਅੱਗੇ ਵਿਸ਼ਾਲ ਧਰਨਾ ਦੇ ਕੇ ਕਿਸਾਨਾਂ ਸਿਰ ਮੜ੍ਹੇ ਜਾ ਰਹੇ ਕਾਲੇ ਖੇਤਰੀ ਕਾਨੂੰਨਾਂ ਦਾ ਵਿਰੋਧ ਕੀਤਾ ਤੇ ਗ੍ਰਿਫ਼ਤਾਰੀਆਂ ਦੇ ਕੇ ਕਾਲੇ ਕਾਨੂੰਨ ਰੱਦ ਕਰਨ ਅਤੇ ਜਿਣਸਾਂ ਦੀ ਘੱਟੋ-ਘੱਟ ਸਮਰਥਨ ਮੁਲ 'ਤੇ ਯਕੀਨੀ ਸਰਕਾਰੀ ਖ਼ਰੀਦ ਵਾਸਤੇ ਸੰਵਿਧਾਨਕ ਭਰੋਸੇ ਦੀ ਮੰਗ ਕੀਤੀ।
ਯੂਥ ਅਕਾਲੀ ਦਲ ਦੇ ਕਾਰਕੁਨ ਇਥੇ ਕ੍ਰਿਸ਼ਨੀ ਭਵਨ ਦੇ ਮੁੱਖ ਗੇਟ ਅੱਗੇ ਇਕੱਤਰ ਹੋਏ ਤੇ ਉਨ੍ਹਾਂ ਨੇ ਕਪਾਹ ਤੇ ਮੱਕੀ ਦੀਆਂ ਭਰੀਆਂ ਟੋਕਰੀਆਂ ਲੈ ਕੇ ਦਸਿਆ ਕਿ ਕਿਵੇਂ ਕਿਸਾਨਾਂ ਦੀਆਂ ਜਿਣਸਾਂ ਦੀ ਐਮ.ਐਸ.ਪੀ ਅਨੁਸਾਰ ਖ਼ਰੀਦ ਨਹੀਂ ਹੋ ਰਹੀ। ਉਨ੍ਹਾਂ ਮੰਗ ਕੀਤੀ ਕਿ ਕੇਂਦਰੀ ਖੇਤੀਬਾੜੀ ਮੰਤਰੀ ਦਸਣ ਕਿ ਜਿਹੜੀਆਂ 27 ਫ਼ਸਲਾਂ ਲਈ ਐਮ.ਐਸ.ਪੀ ਦਾ ਐਲਾਨ ਕੀਤਾ ਗਿਆ, ਉਨ੍ਹਾਂ ਵਿਚੋਂ ਬਹੁ ਗਿਣਤੀ ਕੇਂਦਰ ਦੀਆਂ ਸਰਕਾਰੀ ਏਜੰਸੀਆਂ ਵਲੋਂ ਐਮ.ਐਸ.ਪੀ ਅਨੁਸਾਰ ਖ਼ਰੀਦ ਕਿਉਂ ਨਹੀਂ ਕੀਤੀ ਜਾ ਰਹੀ ਜਦਕਿ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਐਮ.ਐਸ.ਪੀ ਜਾਰੀ ਰਹੇਗੀ। ਮੁੱਖ ਗੇਟ ਬੰਦ ਹੋਣ 'ਤੇ ਯੂਥ ਆਗੂ ਮੁੱਖ ਰੋਡ 'ਤੇ ਧਰਨਾ ਮਾਰ ਕੇ ਬੈਠ ਗਏ ਤੇ ਰਸਤਾ ਬੰਦ ਕਰ ਕੇ ਉਨ੍ਹਾਂ ਨੇ 'ਅੰਨਦਾਤਾ' ਦੀ ਹਾਲਤ ਬਾਰੇ ਜਾਗਰੂਕਤਾ ਪੈਦਾ ਕੀਤੀ। ਦਿੱਲੀ ਪੁਲਿਸ ਵਲੋਂ ਇਨ੍ਹਾਂ ਯੂਥ ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਮਧਿਆ ਮਾਰਗ ਥਾਣੇ ਲਿਜਾਇਆ ਗਿਆ। ਇਸ ਮੌਕੇ ਯੂਥ ਵਿੰਗ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਨੌਜਵਾਨ ਭਾਜਪਾ ਸਰਕਾਰ ਵਲੋਂ ਕਿਸਾਨ ਆਗੂਆਂ ਨੂੰ ਜ਼ਲੀਲ ਕਰਨ ਤੋਂ ਇਕ ਦਿਨ ਬਾਅਦ ਕਿਸਾਨਾਂ ਦੀਆਂ ਮੰਗਾਂ ਦੀ ਆਵਾਜ਼ ਬੁਲੰਦ ਕਰਨ ਲਈ ਰਾਜਧਾਨੀ ਪੁੱਜੇ ਹਨ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਮਿਲਣ ਤੇ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ ਸਗੋਂ ਉਲਟਾ ਇਸ ਨੇ ਅਪਣੇ ਮੰਤਰੀਆਂ ਦੀ ਡਿਊਟੀ ਪੰਜਾਬ ਵਿਚ ਲਾ ਕੇ ਕਿਸਾਨਾਂ ਨੂੰ ਇਹ ਦਸਣ 'ਤੇ ਜ਼ੋਰ ਲਾ ਦਿਤਾ ਹੈ ਕਿ ਇਹ ਕੇਂਦਰੀ ਖੇਤੀ ਕਾਨੂੰਨ ਕਿੰਨੇ ਚੰਗੇ ਹਨ।
ਸ. ਰੋਮਾਣਾ ਨੇ ਕਿਹਾ ਕਿ ਭਾਰਤੀ ਕਪਾਹ ਨਿਗਮ (ਸੀ.ਸੀ.ਆਈ) ਨੇ ਮੰਡੀਆਂ ਵਿਚ ਪੁੱਜੀ ਕਪਾਹ ਦਾ ਸਿਰਫ਼ ਨਾ ਮਾਤਰ ਹਿੱਸਾ ਹੀ ਐਮ.ਐਸ.ਪੀ 'ਤੇ ਖ਼ਰੀਦਿਆ ਹੈ ਜਦਕਿ ਪ੍ਰਾਈਵੇਟ ਖ਼ਰੀਦਦਾਰ ਕਿਸਾਨਾਂ ਨੂੰ ਲੁੱਟ ਰਹੇ ਹਨ ਅਤੇ ਨਿਰਧਾਰਤ 5275 ਰੁਪਏ ਐਮ.ਐਸ.ਪੀ ਤੋਂ 1000 ਰੁਪਏ ਘੱਟ ਕੀਮਤ 'ਤੇ ਕਪਾਹ ਖ਼ਰੀਦ ਰਹੇ ਹਨ। ਉਨ੍ਹਾਂ ਕਿਹਾ ਕਿ ਮੰਡੀ ਵਿਚ ਆਈ 2.50 ਲੱਖ ਕੁਇੰਟਲ ਕਪਾਹ 'ਚੋਂ ਇਸ ਨੇ ਸਿਰਫ਼ 50 ਹਜ਼ਾਰ ਕੁਇੰਟਲ ਦੀ ਹੀ ਖ਼ਰੀਦ ਕੀਤੀ ਹੈ ਤੇ 80 ਫ਼ੀ ਸਦੀ ਕਿਸਾਨ ਅਪਣੀ ਜਿਣਸ ਮੰਦੇ ਭਾਅ ਵੇਚਣ ਲਈ ਮਜਬੂਰ ਹੋਏ ਹਨ। ਇਸ ਮੌਕੇ ਯੂਥ ਵਿੰਗ ਦੇ ਸਕੱਤਰ ਜਨਰਲ ਸਰਬਜੋਤ ਸਾਬੀ ਨੇ ਦਸਿਆ ਕਿ ਮੱਕੀ ਦੇ ਮਾਮਲੇ 'ਚ ਹਾਲਤ ਹੋਰ ਵੀ ਮਾੜੀ ਹੈ ਤੇ ਮੱਕੀ ਵਾਸਤੇ ਐਮ.ਐਸ.ਪੀ 18050 ਰੁਪਏ ਪ੍ਰਤੀ ਕੁਇੰਟਲ ਹੈ ਜਦਕਿ ਪ੍ਰਾਈਵੇਟ ਕੰਪਨੀਆਂ ਇਸ ਨੂੰ 800 ਤੋਂ 1000 ਰੁਪਏ ਦੇ ਭਾਅ 'ਤੇ ਖ਼ਰੀਦ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਐਮ.ਐਸ.ਪੀ ਲਾਗੂ ਨਹੀਂ ਹੁੰਦੀ ਤਾਂ ਫਿਰ ਇਸ ਦਾ ਲਾਭ ਕੀ ਹੈ? ਇਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਖ ਰਹੇ ਹਨ ਜਿਨ੍ਹਾਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਐਨ.ਡੀ.ਏ ਨਾਲ ਗਠਜੋੜ ਵੀ ਤੋੜ ਦਿਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਚਾਹੁੰਦੇ ਹਨ ਕਿ ਐਮ.ਐਸ.ਪੀ ਕਾਨੂੰਨ ਬਣੇ ਅਤੇ ਸਾਰੀਆਂ ਕਿਸਾਨ ਜਿਣਸਾਂ ਐਮ.ਐਸ.ਪੀ ਅਨੁਸਾਰ ਸਰਕਾਰੀ ਏਜੰਸੀਆਂ ਵਲੋਂ ਖ਼ਰੀਦੀਆਂ ਜਾਣ ਤੇ ਅਜਿਹਾ ਕਰ ਕੇ ਹੀ ਕਿਸਾਨਾਂ ਨੂੰ ਤਬਾਹੀ ਤੋਂ ਬਚਾਇਆ ਜਾ ਸਕਦਾ ਹੈ।
ਫੋਟੋ ਕੈਪਸ਼ਨ: ਦਿੱਲੀ ਦੇ ਕ੍ਰਿਸ਼ੀ ਭਵਨ ਮੂਹਰੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਤੇ ਸਕੱਤਰ ਜਨਰਲ ਸਰਬਜੋਤ ਸਾਬੀ ਦੀ ਅਗਵਾਈ ਵਿਚ ਨੌਜਵਾਨ ਆਗੂ ਰੋਸ ਧਰਨਾ ਦਿੰਦੇ ਹੋਏ।
ਸੜਕ ਜਾਮ ਕਰ ਕੇ ਗ੍ਰਿਫ਼ਤਾਰੀਆਂ ਦੇ ਕੇ ਜਿਣਸਾਂ ਦੀ ਐਮ.ਐਸ.ਪੀ 'ਤੇ ਖ਼ਰੀਦ ਦੀ ਕੀਤੀ ਮੰਗ
ਰੋਮਾਣਾ ਨੇ ਭਾਜਪਾ ਸਰਕਾਰ ਨੂੰ ਪੁੱਛਿਆ, ਕਪਾਹ ਤੇ ਮੱਕੀ ਐਮ.ਐਸ.ਪੀ 'ਤੇ ਕਿਉਂ ਨਹੀਂ ਖ਼ਰੀਦ ਰਹੀ?