ਖੇਤੀ ਕਾਨੂੰਨਾਂ ਦੇ ਖਿਲਾਫ ਵੱਖ ਵੱਖ ਥਾਵਾਂ ਤੇ ਕਿਸਾਨਾਂ ਦੇ ਧਰਨੇ ਲਗਾਤਾਰ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਪ੍ਰਧਾਨ ਦਰਸਨ ਸਿੰਘ ਸਾਦੀਹਰੀ ਦੀ ਅਗਵਾਈ ਵਿਚ ਕਿਸਾਨਾਂ ਨੇ ਭਾਜਪਾ ਆਗੂ ਜਗਪਾਲ ਮਿੱਤਲ ਦੇ ਘਰ ਦਾ ਘਿਰਾਓ ਕੀਤਾ।

Protest

ਚੰਡੀਗੜ੍ਹ- ਨਵੇਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦੀ ਦਿੱਲੀ ਵਿੱਚ ਕੇਂਦਰ ਸਰਕਾਰ ਨਾਲ ਹੋਈ ਗੱਲ਼ਬਾਤ ਬੇਸਿੱਟਾ ਰਹੀ। ਇਸ ਦੌਰਾਨ ਦਿੱਲੀ ਵਿਖੇ ਭਾਰਤ ਸਰਕਾਰ ਨਾਲ ਮੀਟਿੰਗ ਖ਼ਤਮ ਹੋਣ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਨਾਰਾਜ਼ ਹੋ ਕੇ ਬਾਹਰ ਨਿਕਲ ਆਏ । ਕਿਸਾਨ ਇੰਨੇ ਗੁੱਸੇ ਵਿੱਚ ਸਨ ਕਿ ਮੀਟਿੰਗ  ਤੋਂ ਬਾਹਰ ਆ ਕੇ ਖੇਤੀ ਕਾਨੂੰਨ ਦੀ ਕਾਪੀਆਂ ਪਾੜ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਹੁਣ ਕਿਸਾਨਾਂ ਨੇ ਹੋਰ ਤਿੱਖਾ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਕੇਂਦਰ ਸਰਕਾਰ ਨਾਲ ਕੀਤੀ ਜਾ ਰਹੀ ਗੱਲਬਾਤ ਬੇਸਿੱਟਾ ਨਿਕਲਣ ਤੋਂ ਬਾਅਦ ਕਿਸਾਨਾਂ ਵਲੋਂ ਧਰਨਾ ਜਾਰੀ ਹੈ।  

ਨਾਭਾ 'ਚ  ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀ ਕੋਠੀ ਬਾਹਰ ਧਰਨਾ ਜਾਰੀ
ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਨਾਭਾ ਵਿਖੇ ਬਲਾਕ ਪ੍ਰਧਾਨ ਹਰਮੇਲ ਸਿੰਘ ਤੂੰਗਾ ਦੀ ਅਗਵਾਈ ਹੇਠ ਸੁਰਿੰਦਰ ਕੁਮਾਰ ਗਰਗ ਪ੍ਰਧਾਨ ਜ਼ਿਲ੍ਹਾ ਪਟਿਆਲਾ ਭਾਜਪਾ ਦੀ ਕੋਠੀ ਦੇ ਬਾਹਰ ਚੌਥੇ ਦਿਨ ਧਰਨਾ ਜਾਰੀ ਰਿਹਾ। ਕਿਸਾਨ ਯੂਨੀਅਨ ਵਲੋਂ ਇਹ ਪੱਕਾ ਮੋਰਚਾ ਲਗਾ ਦਿੱਤਾ ਗਿਆ ਹੈ। ਹਰਮੇਲ ਸਿੰਘ ਦੇ ਅਨੁਸਾਰ ਇਹ ਧਰਨਾ ਜ਼ਿਲ੍ਹਾ ਪਟਿਆਲਾ ਦੇ ਵੱਖ ਵੱਖ ਬਲਾਕਾਂ ਵਿਚ ਲੱਗਿਆ ਹੋਇਆ ਹੈ। ਉੱਥੇ ਹੀ, ਕਿਸਾਨਾਂ ਦੇ ਮੋਰਚਿਆਂ 'ਚ ਵੱਡੀ ਗਿਣਤੀ 'ਚ ਨੌਜਵਾਨ ਪਹੁੰਚ ਰਹੇ ਹਨ।

ਮੋਗਾ 'ਚ ਰਿਲਾਇੰਸ ਪੰਪ ਅੱਗੇ ਡਟੇ ਕਿਸਾਨ 
ਮੋਗਾ 'ਚ ਖੇਤੀ ਸੁਧਾਰ ਬਿੱਲਾਂ ਦੇ ਵਿਰੋਧ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਨਿਹਾਲ ਸਿੰਘ ਵਾਲਾ ਵਿਖੇ ਬਾਘਾਪੁਰਾਣਾ ਰੋਡ 'ਤੇ ਸਥਿਤ ਰਿਲਾਇੰਸ ਪੰਪ ਅੱਗੇ ਦਸਵੇਂ ਦਿਨ ਵੀ ਧਰਨਾ ਜਾਰੀ ਰਿਹਾ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜਿਨ੍ਹਾਂ ਚਿਰ ਖੇਤੀ ਵਿਰੋਧੀ ਪਾਸ ਕੀਤੇ ਬਿੱਲ ਰੱਦ ਨਹੀਂ ਕਰਦੀ ਉਨ੍ਹਾਂ ਚਿਰ ਤੱਕ ਸੰਘਰਸ਼ ਜਾਰੀ ਰਹੇਗਾ।