ਪੰਜਾਬ ਸਰਕਾਰ ਵਲੋਂ ਜੇ.ਈ ਅਤੇ ਉਪਰਲੇ ਪੱਧਰ ਦੇ ਇੰਜਨੀਅਰਾਂ ਦੀਆਂ ਅਸਾਮੀਆਂ ਸਾਂਝੇ ਇਮਤਿਹਾਨ ਰਾਹੀਂ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵਲੋਂ ਜੇ.ਈ ਅਤੇ ਉਪਰਲੇ ਪੱਧਰ ਦੇ ਇੰਜਨੀਅਰਾਂ ਦੀਆਂ ਅਸਾਮੀਆਂ ਸਾਂਝੇ ਇਮਤਿਹਾਨ ਰਾਹੀਂ ਭਰਨ ਦਾ ਫ਼ੈਸਲਾ

image

ਚੰਡੀਗੜ੍ਹ, 15 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਵਲੋਂ ਸਾਰੇ ਵਿਭਾਗਾਂ/ਬੋਰਡਾਂ/ਕਾਰਪੋਰੇਸ਼ਨਾਂ/ਅਥਾਰਟੀਆਂ ਆਦਿ ਵਿਚ ਜੂਨੀਅਰ ਇੰਜੀਨੀਅਰ (ਜੇ.ਈ.) ਅਤੇ ਇਸ ਤੋਂ ਉਪਰਲੇ ਪੱਧਰ ਦੀਆਂ ਸਾਰੀਆਂ ਇੰਜੀਨੀਅਰਿੰਗ ਅਸਾਮੀਆਂ ਲਈ ਭਰਤੀ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ) ਰਾਹੀਂ ਇਕ ਸਾਂਝੇ ਇਮਤਿਹਾਨ ਨਾਲ ਕੀਤੀ ਜਾਵੇਗੀ। ਪੰਜਾਬ ਰੁਜ਼ਗਾਰ ਉਤਪਤੀ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਇਹ ਫ਼ੈਸਲਾ ਹਾਲ ਹੀ ਵਿਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਲਿਆ ਗਿਆ ਸੀ, ਜਿਸ ਨਾਲ ਇਨ੍ਹਾਂ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਵਿਚ ਇਕਸਾਰਤਾ ਆਵੇਗੀ। ਰੁਜ਼ਗਾਰ ਉਤਪਤੀ ਮੰਤਰੀ ਨੇ ਕਿਹਾ ਕਿ ਇਹ ਫ਼ੈਸਲਾ ਨੌਕਰੀ ਦੇ ਚਾਹਵਾਨ ਯੋਗ ਨੌਜਵਾਨਾਂ ਲਈ ਵਧੇਰੇ ਲਾਭਕਾਰੀ ਸਿੱਧ ਹੋਵੇਗਾ ਅਤੇ ਮੌਜੂਦਾ ਸਮੇਂ ਵੱਖ-ਵੱਖ ਏਜੰਸੀਆਂ ਦੇ  ਪੱਧਰਾਂ 'ਤੇ ਚਲਾਈ ਜਾ ਰਹੀ ਭਰਤੀ ਪ੍ਰਕਿਰਿਆ ਨੂੰ ਸੁਖਾਲਾ ਬਣਾਏਗਾ। ਇਕੋ ਚੈਨਲ ਅਤੇ ਸਾਂਝੇ ਇਮਤਿਹਾਨ ਰਾਹੀਂ ਭਰਤੀ ਪ੍ਰਕ੍ਰਿਆ ਵਿਚ ਇਕਸਾਰਤਾ ਆਵੇਗੀ ਅਤੇ ਭਰਤੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰੇਗੀ। ਸ੍ਰੀ ਚੰਨੀ ਨੇ ਅੱਗੇ ਕਿਹਾ ਕਿ ਨੌਕਰੀ ਤਲਾਸ਼ ਰਹੇ ਯੋਗ ਨੌਜਵਾਨ ਹੁਣ ਆਪਣੀ ਤਿਆਰੀ ਲਈ ਇੱਕੋ ਸਿਲੇਬਸ 'ਤੇ ਧਿਆਨ ਕੇਂਦਰਤ ਕਰ ਸਕਣਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਬਿਨੈਕਾਰਾਂ ਅਤੇ ਸੂਬੇ 'ਤੇ ਵਿੱਤੀ ਬੋਝ ਘਟੇਗਾ ਜਿਸ ਨੂੰ ਵੱਖ-ਵੱਖ ਟੈਸਟ ਕਰਵਾਉਣ ਲਈ ਵਾਧੂ ਵਿੱਤੀ ਬੋਝ ਝੱਲਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਮੰਤਰੀ ਮੰਡਲ ਨੇ ਪੜਾਅਵਾਰ ਅਤੇ ਸਮਾਂਬੱਧ ਢੰਗ ਨਾਲ ਸਰਕਾਰੀ ਵਿਭਾਗਾਂ, ਬੋਰਡਾਂ, ਕਾਰਪੋਰੇਸਨਾਂ ਅਤੇ ਏਜੰਸੀਆਂ ਵਿਚ ਖਾਲੀ ਅਸਾਮੀਆਂ ਭਰਨ ਲਈ ਸੂਬਾ ਰੋਜਗਾਰ ਯੋਜਨਾ 2020-22 ਨੂੰ ਵੀ ਪ੍ਰਵਾਨਗੀ ਦੇ ਦਿਤੀ ਹੈ।