ਨਵਜੋਤ ਸਿੰਘ ਸਿੱਧੂ ਦੀ ਦੇਰ ਰਾਤ ਰਾਹੁਲ ਗਾਂਧੀ ਨਾਲ ਹੋਈ ਕਈ ਘੰਟੇ ਲੰਮੀ ਮੀਟਿੰਗ
ਹਰੀਸ਼ ਰਾਵਤ ਤੇ ਵੇਣੂਗੋਪਾਲ ਵੀ ਰਹੇ ਮੌਜੂਦ, ਪਾਰਟੀ ਸੰਗਠਨ ਤੇ ਚੋਣ ਰਣਨੀਤੀ ਨੂੰ ਲੈ ਕੇ ਹੋਈਆਂ ਵਿਚਾਰਾਂ, ਸਿੱਧੂ ਬਣੇ ਰਹਿਣਗੇ ਪ੍ਰਧਾਨ
ਚੰਡੀਗੜ੍ਹ (ਭੁੱਲਰ): ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਨਵਜੋਤ ਸਿੱਧੂ ਦੀ ਕੱਲ੍ਹ ਰਾਹੁਲ ਗਾਂਧੀ ਨਾਲ ਦੇਰ ਰਾਤ ਤਕ ਕਈ ਘੰਟੇ ਲੰਮੀ ਮੀਟਿੰਗ ਹੋਈ ਜਿਸ ਵਿਚ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਪ੍ਰਸਾਦ ਤੇ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਵੀ ਸ਼ਾਮਲ ਹੋਏ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਸਿੱਧੂ ਦੀ ਵੇਣੂਗੋਪਾਲ ਤੇ ਰਾਵਤ ਨਾਲ ਮੀਟਿੰਗ ਹੋਈ ਸੀ ਤੇ ਇਸ ਮੀਟਿੰਗ ਤੋਂ ਬਾਅਦ ਸਿੱਧੂ ਨੇ ਕਿਹਾ ਸੀ ਕਿ ਉਨ੍ਹਾਂ ਅਪਣੀਆਂ ਚਿੰਤਾਵਾਂ ਹਾਈ ਕਮਾਨ ਆਗੂਆਂ ਸਾਹਮਣੇ ਰੱਖ ਦਿਤੀਆਂ ਹਨ ਤੇ ਹਾਈਕਮਾਨ ਜੋ ਵੀ ਫ਼ੈਸਲਾ ਕਰੇਗਾ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਅਜ ਹੋਈ ਮੀਟਿੰਗ ਵਿਚ ਸਿੱਧੂ ਦੇ ਪ੍ਰਧਾਨ ਬਣੇ ਰਹਿਣ ਨੂੰ ਵੀ ਹਾਈਕਮਾਨ ਦੀ ਹਰੀ ਝੰਡੀ ਮਿਲ ਗਈ ਹੈ।
ਸਿੱਧੂ ਨੂੰ ਸੋਨੀਆ ਗਾਂਧੀ, ਰਾਹੁਲ ਤੇ ਪ੍ਰਿਯੰਕਾ ਦੀ ਅਗਵਾਈ ਵਿਚ ਪੂਰਾ ਭਰੋਸਾ ਪ੍ਰਗਟ ਕੀਤਾ ਹੈ। ਸਿੱਧੂ 18 ਨੁਕਾਤੀ ਏਜੰਡੇ ਦੀ ਪੂਰਤੀ ਲਈ ਦ੍ਰਿੜ ਹਨ ਅਤੇ ਚੰਨੀ ਸਰਕਾਰ ਦੀਆਂ ਕੀਤੀਆਂ ਨਿਯੁਕਤੀਆਂ ’ਤੇ ਉਨ੍ਹਾਂ ਦਾ ਇਤਰਾਜ਼ ਬਰਕਰਾਰ ਹੈ ਜਿਸ ਦਾ ਹੱਲ ਹਾਈਕਮਾਨ ਕਰੇਗੀ। ਰਾਹੁਲ ਗਾਂਧੀ ਨਾਲ ਅੱਜ ਹੋਈ ਮੀਟਿੰਗ ਵਿਚ ਵੀ ਇਸੇ ਸੰਦਰਭ ’ਚ ਗੱਲਬਾਤ ਹੋਈ ਹੈ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੀ ਮਜ਼ਬੂਤੀ ਅਤੇ ਵਿਰੋਧੀ ਪਾਰਟੀਆਂ ਦੀ ਮੁਹਿੰਮ ਦੇ ਮੁਕਾਬਲੇ ਲਈ ਵਿਸ਼ੇਸ਼ ਤੌਰ ’ਤੇ ਚਰਚਾ ਹੋਈ।