ਜੈਤੋ 'ਚ ਹਰਸਿਮਰਤ ਬਾਦਲ ਦਾ ਵਿਰੋਧ, ਕਿਸਾਨਾਂ ਨੇ ਕਾਲੀਆਂ ਝੰਡੀਆਂ ਨਾਲ ਕੀਤਾ ਸਵਾਗਤ
ਪਹਿਲਾਂ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਦਾ ਗੁਣਗਾਣ ਕੀਤਾ ਤੇ ਫਿਰ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਯੂ-ਟਰਨ ਲੈ ਲਿਆ - ਕਿਸਾਨ
ਜੈਤੋ (ਸੁਖਜਿੰਦਰ ਸਿੰਘ ਸਹੋਤਾ) ਕਿਸਾਨ ਆਏ ਦਿਨ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸੇ ਨਾ ਕਿਸੇ ਸਿਆਸੀ ਲੀਡਰ ਦਾ ਵਿਰੋਧ ਕਰਦੇ ਹਨ ਤੇ ਅੱਜ ਕਿਸਾਨਾਂ ਵੱਲੋਂ ਹਰਸਿਮਰਤ ਬਾਦਲ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਗਿਆ। ਦਰਅਸਲ ਪਾਰਲੀਮੈਂਟ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਜੈਤੋ ਵਿਖੇ ਪਹੁੰਚੇ ਹਨ ਜਿੱਥੇ ਕਿਸਾਨਾਂ ਨੂੰ ਉਹਨਾਂ ਦੇ ਆਉਣ ਦੀ ਖ਼ਬਰ ਪਹਿਲਾਂ ਤੋਂ ਹੀ ਸੀ। ਇਸ ਕਰ ਕੇ ਕਿਸਾਨਾਂ ਵੱਲੋਂ ਵਿਰੋਧ ਦੀ ਤਿਆਰੀ ਵੱਡੀ ਗਿਣਤੀ ਵਿਚ ਪਹਿਲਾਂ ਹੀ ਕਰ ਲਈ ਗਈ ਸੀ।
ਕਿਸਾਨ ਅਕਾਲੀ ਦਲ ਦੇ ਸਮਾਗਮ ਸਥਾਨ ਦੇ ਨੇੜੇ ਇਕੱਠੇ ਹੋਏ ਤੇ ਰੱਜ ਕੇ ਅਕਾਲੀ ਦਲ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਕਿਸਾਨਾਂ ਦੀ ਵਿਰੋਧੀ ਪਾਰਟੀ ਹੈ ਤੇ ਜਦੋਂ ਖੇਤੀ ਕਾਨੂੰਨ ਲਿਆਂਦੇ ਗਏ ਸਨ ਉਸ ਸਮੇਂ ਹਰਸਿਮਰਤ ਬਾਦਲ ਤੇ ਸੁਖਬੀਰ ਬਾਦਲ ਨੇ ਇਹਨਾਂ ਕਾਨੂੰਨਾਂ ਦਾ ਗੁਣਗਾਣ ਕੀਤਾ ਸੀ
ਪਰ ਫਿਰ ਉਹਨਾਂ ਨੇ ਕਿਸਾਨਾਂ ਵੱਲੋਂ ਹੁੰਦਾ ਵਿਰੋਧ ਦੇਖ ਕੇ ਯੂ-ਟਰਨ ਲੈ ਲਿਆ ਤੇ ਕਿਸਾਨਾਂ ਦੇ ਹੱਕ ਵਿਚ ਆ ਗਏ। ਅਸੀਂ ਇਹਨਾਂ ਸਾਰੀਆਂ ਪਾਰਟੀਆਂ ਨੂੰ ਵਾਰ-ਵਾਰ ਕਹਿ ਰਹੇ ਹਾਂ ਕਿ ਤੁਸੀਂ ਸਾਰੀਆਂ ਪਾਰਟੀਆਂ ਇਕ-ਜੁੱਟ ਹੋ ਕੇ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਓ ਤੇ ਸਾਡੇ ਪੰਜਾਬ ਨੂੰ ਬਰਬਾਦ ਹੋਣ ਤੋਂ ਬਚਾਅ ਲਓ ਪਰ ਇਹ ਸਾਰੀਆਂ ਪਾਰਟੀਆਂ ਆਪਸ ਵਿਚ ਮਿਲੀਆਂ ਹੋਈਆਂ ਹਨ।