ਸੁਲਤਾਨਪੁਰ ਲੋਧੀ ’ਚ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਜ਼ੁਰਗ ਔਰਤ ਦਾ ਬੇਟਾ ਬਲਵਿੰਦਰ ਸਿੰਘ ਵਿਦੇਸ਼ ਜਰਮਨੀ ਤੋਂ 6 ਸਾਲ ਬਾਅਦ ਪੱਕਾ ਹੋਣ ਮਗਰੋਂ ਘਰ ਵਾਪਿਸ ਪਰਤ ਰਿਹਾ ਸੀ।

Old woman brutally murdered in Sultanpur Lodhi

 

ਸੁਲਤਾਨਪੁਰ ਲੋਧੀ: ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਪਿੰਡ ਤਰਫ਼ਹਾਜੀ ਵਿਖੇ ਬੀਤੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ।

ਇਸ ਘਟਨਾ ਤੋਂ ਇਲਾਕੇ ਭਰ ਵਿੱਚ ਦਹਿਸ਼ਤ ਦਾ ਮਹੌਲ ਪੈਦਾ ਹੋ ਗਿਆ ਹੈ ਅਤੇ ਐੱਸ. ਐੱਸ. ਪੀ. ਕਪੂਰਥਲਾ ਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਆਰੰਭ ਕਰ ਦਿੱਤੀ ਗਈ ਹੈ ਤੇ ਇਲਾਕੇ ਚ ਲਗਾਏ ਗਏ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬਜ਼ੁਰਗ ਔਰਤ ਹਰਬੰਸ ਕੌਰ ਪਤਨੀ ਜੋਗਿੰਦਰ ਸਿੰਘ ਉਮਰ 60 ਸਾਲ ਘਰ ਦੇ ਬਰਾਂਡੇ ਬਾਹਰ ਸੋ ਰਹੀ ਸੀ ਅਤੇ ਬਾਕੀ ਪਰਿਵਾਰ ਪੋਤਰਾ ਰਵਿੰਦਰ ਸਿੰਘ ਤੇ ਨੂੰਹ ਜਸਵੰਤ ਕੌਰ ਘਰ ਦੇ ਅੰਦਰ ਸੌਂ ਰਹੇ ਸਨ। 

ਜਿਸ ਤੋਂ ਬਾਅਦ ਰਾਤ ਕਰੀਬ 12 ਵਜੇ 2 ਨਕਾਬਪੋਸ਼ ਅਣਪਛਾਤੇ ਨੌਜਵਾਨ ਘਰ ਦੇ ਅੰਦਰ ਦਾਖਲ ਹੁੰਦੇ ਨੇ ਅਤੇ ਸਭ ਤੋਂ ਪਹਿਲਾ ਬਿਜਲੀ ਸਪਲਾਈ ਬੰਦ ਕਰ ਦਿੰਦੇ ਨੇ ਅਤੇ ਬਜ਼ੁਰਗ ਔਰਤ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ। ਕਤਲ ਕਰਨ ਦੀ ਵਜ੍ਹਾ ਬਾਰੇ ਹਾਲੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ।

ਪਰਿਵਾਰ ਦਾ ਦੋਸ਼ ਹੈ ਕਿ ਬਜ਼ੁਰਗ ਮਾਤਾ ਨੂੰ ਸਾਹ ਘੁੱਟ ਕੇ ਕਤਲ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਪੁਲਿਸ ਪਾਸੋਂ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ।  ਦੂਜੇ ਪਾਸੇ ਮਾਮਲੇ ਨੂੰ ਲੈ ਕੇ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਜਸਪਾਲ ਸਿੰਘ ਦਾ ਕਹਿਣਾ ਹੈ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਜਾਰੀ ਹੈ। 

ਤੁਹਾਨੂੰ ਦੱਸ ਦਈਏ ਕਿ ਬਜ਼ੁਰਗ ਔਰਤ ਦਾ ਬੇਟਾ ਬਲਵਿੰਦਰ ਸਿੰਘ ਵਿਦੇਸ਼ ਜਰਮਨੀ ਤੋਂ 6 ਸਾਲ ਬਾਅਦ ਪੱਕਾ ਹੋਣ ਮਗਰੋਂ ਘਰ ਵਾਪਿਸ ਪਰਤ ਰਿਹਾ ਸੀ।