ਦਰਬਾਰ-ਏ-ਖ਼ਾਲਸਾ ਨੇ ਬੇਅਦਬੀ ਕਾਂਡ ਦੇ ਰੋਸ ਵਜੋਂ ਟੋਰਾਂਟੋ ਵਿਖੇ ਮਨਾਇਆ 'ਲਾਹਨਤ ਦਿਹਾੜਾ'
ਦਰਬਾਰ-ਏ-ਖ਼ਾਲਸਾ ਨੇ ਬੇਅਦਬੀ ਕਾਂਡ ਦੇ ਰੋਸ ਵਜੋਂ ਟੋਰਾਂਟੋ ਵਿਖੇ ਮਨਾਇਆ 'ਲਾਹਨਤ ਦਿਹਾੜਾ'
ਪੰਥ ਦੋਖੀ ਬਾਦਲਾਂ ਨੂੰ ਪੰਥ ਵਿਚੋਂ ਛੇਕਣ ਦੀ ਕੀਤੀ ਗਈ ਮੰਗ : ਮਾਝੀ/ਢਪਾਲੀ
ਕੋਟਕਪੂਰਾ, 15 ਅਕਤੂਬਰ (ਗੁਰਿੰਦਰ ਸਿੰਘ) : ਬਰਗਾੜੀ ਬੇਅਦਬੀ ਘਟਨਾਕ੍ਰ੍ਰਮ ਅਤੇ ਬਹਿਬਲ-ਕੋਟਕਪੂਰਾ ਗੋਲੀਕਾਂਡ ਨੂੰ 7 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਿੱਖ ਕੌਮ ਨੂੰ ਇਨਸਾਫ਼ ਦੀ ਥਾਂ ਸਿਰਫ਼ ਜਾਂਚ ਕਮਿਸ਼ਨ ਅਤੇ ਜਾਂਚ ਟੀਮਾਂ ਹੀ ਮਿਲੀਆਂ ਹਨ ਜਿਸ ਕਾਰਨ ਸਮਾਜ ਵਿਰੋਧੀ ਫ਼ਿਰਕੂ ਅਨਸਰਾਂ ਦੇ ਹੌਂਸਲੇ ਐਨੇ ਬੁਲੰਦ ਹੋ ਚੁੱਕੇ ਹਨ ਕਿ ਗੁਰੂਆਂ ਦੇ ਨਾਮ 'ਤੇ ਵਸਦੇ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਦਾ ਦੌਰ ਲਗਾਤਾਰ ਜਾਰੀ ਹੈ |
ਉਕਤ ਸ਼ਬਦ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ਦਰਬਾਰ-ਏ-ਖ਼ਾਲਸਾ ਅਤੇ ਭਾਈ ਹਰਜੀਤ ਸਿੰਘ ਢਪਾਲੀ ਨੇ ਗੁਰਦਵਾਰਾ ਸਿੱਖ ਸਪਿਰਚੂਅਲ ਸੈਂਟਰ ਟੋਰਾਂਟੋ (ਕੈਨੇਡਾ) ਵਿਖੇ ਮਨਾਏ ਗਏ 'ਲਾਹਨਤ ਦਿਹਾੜੇ' ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਜਾਰੀ ਕੀਤੇ 'ਲਾਹਨਤ ਪੱਤਰ' ਸੰਗਤ ਵਿਚ ਵੰਡਦਿਆਂ ਪ੍ਰਗਟਾਏ | ਸ਼ਹੀਦ ਭਾਈ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਅਤੇ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ ਦੀ ਸ਼ਹਾਦਤ ਨੂੰ ਕੋਟਿਨ-ਕੋਟਿ ਪ੍ਰਣਾਮ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ 'ਆਪ' ਸਰਕਾਰ ਬੇਅਦਬੀ ਵਰਗੇ ਸੰਵੇਦਨਸ਼ੀਲ ਅਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜੇ ਮੁੱਦੇ ਦਾ ਹੱਲ ਨਹੀਂ ਕਰਦੀ ਤਾਂ ਇਸ ਦਾ ਹਸ਼ਰ ਵੀ ਪਿਛਲੀਆਂ ਸਰਕਾਰਾਂ ਵਾਲਾ ਹੋਵੇਗਾ | ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਾਲ 1970 ਵਿਚ 82 ਸਾਲਾ ਬੂਝਾ ਸਿੰਘ ਅਤੇ 18 ਸਾਲਾ ਰਾਮ ਕਰਨ ਸਿੰਘ ਦੇ ਝੂਠੇ ਪੁਲਿਸ ਮੁਕਾਬਲੇ ਤੋਂ ਲੈ ਕੇ ਬਹਿਬਲ ਕਲਾਂ ਤਕ ਕੌਮ ਦਾ ਖ਼ੂਨ ਪੀਣ ਵਾਲੇ ਅਤੇ ਵਾਰ-ਵਾਰ ਪੰਥ ਵਿਰੁਧ ਭੁਗਤਣ ਵਾਲੇ ਬਾਦਲਾਂ ਨੂੰ ਪੰਥ ਵਿਚੋਂ ਛੇਕ ਕੇ ਹੀ ਅਸਲ ਅਰਥਾਂ ਵਿਚ ਕੌਮ ਦੇ ਜਥੇਦਾਰ ਅਖਵਾਉਣ ਦੇ ਹੱਕਦਾਰ ਹਨ | ਸੱਤ ਸਮੁੰਦਰੋਂ ਪਾਰ ਵਸਦੀਆਂ ਸਿੱਖ ਸੰਗਤਾਂ ਨੇ ਹੈਰਾਨੀ ਪ੍ਰਗਟਾਈ ਕਿ ਚਾਰ ਮੁੱਖ ਮੰਤਰੀ ਬਦਲ ਜਾਣ ਅਤੇ ਦੋਸ਼ੀ ਸਾਹਮਣੇ ਆ ਜਾਣ ਦੇ ਬਾਵਜੂਦ ਵੀ ਪੀੜਤਾਂ ਨੂੰ ਇਨਸਾਫ਼ ਨਾ ਮਿਲਣਾ ਸਮਝ ਤੋਂ ਬਾਹਰ ਦੀ ਗੱਲ ਹੈ | ਉਨ੍ਹਾਂ ਆਖਿਆ ਕਿ ਜੇਕਰ ਘੱਟ ਗਿਣਤੀ ਸਿੱਖ
ਕੌਮ ਨਾਲ ਧੱਕੇਸ਼ਾਹੀ ਅਤੇ ਵਿਤਕਰੇਬਾਜ਼ੀ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਦੇਸ਼ ਦੇ ਵਿਕਾਸ ਅਤੇ ਆਫ਼ਤਾਂ ਮੌਕੇ ਸਿੱਖ ਕੌਮ ਵਲੋਂ ਪਾਏ ਜਾਂਦੇ ਯੋਗਦਾਨ ਬਾਰੇ ਦੁਬਾਰਾ ਨਜ਼ਰਸਾਨੀ ਕਰਨੀ ਪਵੇਗੀ |
ਇਸ ਮੌਕੇ ਉਪਰੋਕਤ ਤੋਂ ਇਲਾਵਾ ਅਮਰਜੀਤ ਸਿੰਘ ਦਿਉਲ ਪ੍ਰਧਾਨ ਸਿੱਖ ਸਪਿਰੂਚਅਲ ਸੈਂਟਰ ਟੋਰਾਂਟੋ ਅਤੇ ਸਤਵਿੰਦਰ ਸਿੰਘ ਢੀਮਾਂਵਾਲੀ ਅਤੇ ਵਕੀਲ ਸਿੰਘ ਆਦਿ ਵੀ ਹਾਜ਼ਰ ਸਨ |