ਜ਼ਮੀਨ ਦੀ ਤਕਸੀਮ ਲਈ ਸ਼ੁਰੂ ਕੀਤੀ ਵੈੱਬਸਾਈਟ ਪੰਜਾਬ ਵਾਸੀਆਂ ਲਈ ਲਾਹੇਵੰਦ ਸਿੱਧ ਹੋਵੇਗੀ : ਜਿੰਪਾ
ਜ਼ਮੀਨ ਦੀ ਤਕਸੀਮ ਲਈ ਸ਼ੁਰੂ ਕੀਤੀ ਵੈੱਬਸਾਈਟ ਪੰਜਾਬ ਵਾਸੀਆਂ ਲਈ ਲਾਹੇਵੰਦ ਸਿੱਧ ਹੋਵੇਗੀ : ਜਿੰਪਾ
ਬਹੁਤ ਸਾਰੀਆਂ ਸਹੂਲਤਾਂ ਤੇ ਸੁਵਿਧਾਵਾਂ ਲੈਣ ਵਿਚ ਹੋਵੇਗੀ ਆਸਾਨੀ
ਚੰਡੀਗੜ੍ਹ, 15 ਅਕਤੂਬਰ (ਭੁੱਲਰ): ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਖ਼ਾਨਗੀ ਤਕਸੀਮ ਕਰਨ ਦੀ ਪ੍ਰਕਿਰਿਆ ਨੂੰ ਅਸਰਦਾਰ ਅਤੇ ਪ੍ਰਭਾਵੀ ਬਣਾਉਣ ਲਈ ਇਕ ਵੈੱਬਸਾਈਟ ਸ਼ੁਰੂ ਕਰ ਦਿਤੀ ਹੈ ਜਿਸ ਰਾਹੀਂ ਕੋਈ ਵੀ ਖੇਵਟਦਾਰ ਅਪਣੀ ਸਾਂਝੀ ਖੇਵਟ ਸਬੰਧੀ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਤਿਆਰ ਤਕਸੀਮ ਦਾ ਦਸਤਾਵੇਜ ਸ਼ਾਮਲ ਕਰ ਕੇ ਦਰਖ਼ਾਸਤ ਵੈੱਬਸਾਈਟ 'ਤੇ ਅੱਪਲੋਡ ਕਰ ਸਕਦਾ ਹੈ | ਇਸ ਵੈੱਬਸਾਈਟ ਦੀ ਸ਼ੁਰੂਆਤ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੀ ਗਈ ਹੈ |
ਵੈੱਬਸਾਈਟ ਦੇ ਸ਼ੁਰੂ ਹੋਣ ਤੋਂ ਬਾਅਦ ਤਕਸੀਮ ਦੇ ਫ਼ਾਇਦਿਆਂ ਬਾਬਤ ਜਾਣਕਾਰੀ ਦਿੰਦਿਆਂ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦਸਿਆ ਕਿ ਇਸ ਨਾਲ ਨਿਸ਼ਾਨਦੇਹੀ ਕਰਵਾਉਣੀ ਸੁਖਾਲੀ ਹੋਵੇਗੀ | ਜ਼ਮੀਨ ਦੀ ਖ਼ਰੀਦ-ਫ਼ਰੋਖ਼ਤ ਵਿਚ ਆਸਾਨੀ ਹੋਵੇਗੀ | ਵਖਰੇ ਖਾਤੇ ਹੋਣ ਨਾਲ ਆਪਸੀ ਝਗੜਿਆਂ ਵਿਚ ਕਮੀ ਆਵੇਗੀ | ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਲੈਣਾ ਆਸਾਨ ਹੋਵੇਗਾ | ਇਸ ਤੋਂ ਇਲਾਵਾ ਜਮਾਂਬੰਦੀ ਦੀ ਨਕਲ ਸਸਤੀ ਪ੍ਰਾਪਤ ਕੀਤੀ ਜਾ ਸਕੇਗੀ | ਹਿੱਸੇਦਾਰਾਂ ਦੇ ਨਾਮ ਦਰਜ ਰਹਿਣ ਨਾਲ ਅਦਾਲਤਾਂ ਦੇ ਹੁਕਮਾਂ ਤੋਂ ਨਿਜਾਤ ਮਿਲੇਗੀ |