ਪਰਾਲੀ ਨੂੰ ਲੱਗੀ ਅੱਗ ’ਚੋਂ ਨਿਕਲੇ ਧੂੰਏਂ ਕਾਰਨ ਗਈਆਂ ਦੋ ਕੀਮਤੀ ਜਾਨਾਂ
ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ
ਸ਼ਾਹਕੋਟ- ਪਰਾਲੀ ਨੂੰ ਲੱਗੀ ਅੱਗ ’ਚੋਂ ਨਿਕਲੇ ਧੂੰਏਂ ਨਾਲ ਦਰਦਨਾਕ ਹਾਦਸਾ ਵਾਪਰ ਗਿਆ ਹੈ। ਪਿੰਡ ਮੀਰਪੁਰ ਸੈਦਾਂ ਵਿਖੇ ਮੋਟਰਸਾਈਕਲ ਤੇ ਐਕਟਿਵਾ ਦੀ ਆਹਮੋ-ਸਾਹਮਣੀ ਟੱਕਰ ਹੋ ਗਈ ਜਿਸ ਦੌਰਾਨ ਮੋਟਰਸਾਈਕਲ ਤੇ ਐਕਟਿਵਾ ਚਾਲਕ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਹਰਦੇਵ ਸਿੰਘ (58) ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਨਿਮਾਜ਼ੀਪੁਰ ਆਪਣੀ ਐਕਟਿਵਾ ’ਤੇ ਸ਼ਾਹਕੋਟ ਤੋਂ ਆਪਣੇ ਪਿੰਡ ਨਿਮਾਜ਼ੀਪੁਰ ਜਾ ਰਿਹਾ ਸੀ ਤੇ ਗੁਰਜੋਤ ਸਿੰਘ (15) ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਹੇਰਾਂ ਆਪਣੇ ਪਲੈਟਿਨਾ ਮੋਟਰਸਾਈਕਲ ’ਤੇ ਮਲਸੀਆਂ ਤੋਂ ਟਿਊਸ਼ਨ ਪੜ੍ਹ ਕੇ ਆਪਣੇ ਪਿੰਡ ਹੇਰਾਂ ਵੱਲ ਜਾ ਰਿਹਾ ਸੀ।
ਪਿੰਡ ਮੀਰਪੁਰ ਸੈਦਾਂ ਨੇੜੇ ਇਨ੍ਹਾਂ ਦੇ ਵਾਹਨਾਂ ਦੀ ਆਹਮੋ-ਸਾਹਮਣੀ ਜ਼ਬਰਦਸਤ ਟੱਕਰ ਹੋ ਗਈ, ਬਜ਼ੁਰਗ ਹਰਦੇਵ ਸਿੰਘ ਤੇ ਗੁਰਜੋਤ ਸਿੰਘ ਆਪਣੇ ਵਾਹਨਾਂ ਤੋਂ ਸੜਕ ’ਤੇ ਡਿੱਗ ਗਏ ਤੇ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਐੱਸ. ਐੱਚ. ਓ. ਸ਼ਾਹਕੋਟ ਤੇ ਮਲਸੀਆਂ ਚੌਕੀ ਦੇ ਮੁਖੀ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਅਤੇ ਵਾਪਰੇ ਹਾਦਸੇ ਦੀ ਜਾਂਚ ਸ਼ੁਰੂ ਕੀਤੀ।
ਐੱਸ. ਐੱਚ. ਓ. ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਹਰਦੇਵ ਸਿੰਘ ਤੇ ਗੁਰਜੋਤ ਸਿੰਘ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਨਕੋਦਰ ਵਿਖੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਮੌਕੇ ’ਤੇ ਮੌਜੂਦ ਲੋਕਾਂ ਦੇ ਅਨੁਸਾਰ ਪਿੰਡ ਇਕ ਕਿਸਾਨ ਵੱਲੋਂ ਆਪਣੀ ਜ਼ਮੀਨ ’ਚ ਝੋਨੇ ਦੀ ਪਰਾਲੀ ਨੂੰ ਲਗਾਈ ਗਈ ਅੱਗ ਤੋਂ ਉੱਠੇ ਧੂੰਏਂ ਕਾਰਨ ਹਾਦਸਾ ਵਾਪਰਿਆ ਹੈ।