ਇਕੋ ਸਮੇਂ ਬਲੇ ਤਿੰਨ ਸਿਵੇ, ਮੁਹਾਲੀ 'ਚ ਭਰਾ ਨੇ ਆਪਣੇ ਭਰਾ, ਭਰਜਾਈ ਤੇ ਭਤੀਜੇ ਦਾ ਕੀਤਾ ਸੀ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਮੁਲਜ਼ਮ ਦਾ 6 ਦਿਨ ਦਾ ਲਿਆ ਰਿਮਾਂਡ

photo

 

ਮੁਹਾਲੀ: ਮੁਹਾਲੀ ਤੀਹਰੇ ਕਤਲ ਕਾਂਡ 'ਚ ਮਾਰੇ ਗਏ ਸਾਫਟਵੇਅਰ ਇੰਜੀਨੀਅਰ ਸਤਬੀਰ, ਉਸ ਦੀ ਪਤਨੀ ਅਮਨਦੀਪ ਕੌਰ ਅਤੇ ਬੇਟੇ ਅਨਹਦ ਦਾ ਸਸਕਾਰ ਐਤਵਾਰ ਦੇਰ ਰਾਤ ਬਰਨਾਲਾ ਦੇ ਪਿੰਡ ਪੰਧੇਰ 'ਚ ਕਰ ਦਿਤਾ ਗਿਆ। ਇਸ ਮਾਮਲੇ 'ਚ ਮ੍ਰਿਤਕ ਸਤਬੀਰ ਦਾ ਭਰਾ 6 ਦਿਨਾਂ ਦੇ ਰਿਮਾਂਡ 'ਤੇ ਹੈ। ਪੁਲਿਸ ਉਸ ਦੇ ਸਾਥੀ ਰਾਮ ਸਵਰੂਪ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ: ਮਹਿਲਾ ਨੇ ਟਾਈਫਾਈਡ ਦੀ ਦਵਾਈ ਦੇ ਭੁਲੇਖੇ 'ਚ ਖਾਧੀ ਕੀਟਨਾਸ਼ਕ ਦਵਾਈ, ਮੌਤ

ਭਰਾ ਸਤਬੀਰ ਦੀ ਤਰੱਕੀ ਤੋਂ ਨਿਰਾਸ਼ ਲਖਬੀਰ ਨੇ ਆਪਣੇ ਦੋਸਤ ਨਾਲ ਮਿਲ ਕੇ ਆਪਣੇ ਭਰਾ, ਭਰਜਾਈ ਅਤੇ ਭਤੀਜੇ ਦਾ ਕਤਲ ਕਰ ਦਿਤਾ। ਇਸ ਤੋਂ ਬਾਅਦ ਤਿੰਨਾਂ ਦੀਆਂ ਲਾਸ਼ਾਂ ਨੂੰ ਨਹਿਰ ਵਿਚ ਸੁੱਟ ਦਿਤਾ ਗਿਆ। ਪਿੰਡ ਦੇ ਸਾਬਕਾ ਸਰਪੰਚ ਦਲਜਿੰਦਰ ਸਿੰਘ ਪੱਪੂ ਨੇ ਦਸਿਆ ਕਿ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੰਨਾਟਾ ਛਾ ਗਿਆ ਹੈ। ਇੱਕ ਭਰਾ ਨੇ ਦੂਜੇ ਭਰਾ ਦਾ ਸਾਰਾ ਪਰਿਵਾਰ ਤਬਾਹ ਕਰ ਦਿੱਤਾ। ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਹੈ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਕਿਸਾਨਾਂ ਦੀ ਜੂਨ ਬੁਰੀ... ਮੰਡੀਆਂ 'ਚ ਭਾਰੀ ਮੀਂਹ ਨੇ ਤਬਾਹ ਕੀਤੀ ਕਿਸਾਨਾਂ ਦੀ ਫ਼ਸਲ

ਜਾਣਕਾਰੀ ਮੁਤਾਬਕ ਮ੍ਰਿਤਕ ਸਤਬੀਰ ਸਾਫਟਵੇਅਰ ਇੰਜੀਨੀਅਰ ਸੀ। ਘਰ ਵਿੱਚ ਬਜ਼ੁਰਗ ਮਾਤਾ-ਪਿਤਾ, ਇੱਕ ਭੈਣ, ਭਰਾ, ਪਤਨੀ ਅਤੇ ਬੱਚਾ ਸਨ। ਉਹ 3 ਮਹੀਨੇ ਪਹਿਲਾਂ ਹੀ ਨਵੇਂ ਘਰ ਵਿੱਚ ਸ਼ਿਫਟ ਹੋਇਆ ਸੀ। ਤਿੰਨ ਮੰਜ਼ਿਲਾ ਮਕਾਨ ਵਿੱਚ ਪੂਰਾ ਪਰਿਵਾਰ ਰਹਿ ਰਿਹਾ ਸੀ। ਭਰਾ ਲਖਬੀਰ ਸਤਬੀਰ ਦੀ ਤਰੱਕੀ ਤੋਂ ਈਰਖਾ ਕਰਦਾ ਸੀ ਅਤੇ ਮਾਨਸਿਕ ਤਣਾਅ ਵਿਚ ਸੀ। ਲਖਬੀਰ ਛੋਟੀਆਂ-ਮੋਟੀਆਂ ਨੌਕਰੀਆਂ ਕਰਦਾ ਸੀ ਅਤੇ ਜ਼ਿਆਦਾ ਦੇਰ ਕਿਸੇ ਕੰਮ 'ਤੇ ਨਹੀਂ ਰਹਿੰਦਾ ਸੀ। ਇਸ ਤੋਂ ਇਲਾਵਾ ਉਹ ਨਸ਼ੇ ਦਾ ਵੀ ਆਦੀ ਸੀ।

ਇਸ ਕਾਰਨ ਪਰਿਵਾਰ ਵਾਲੇ ਉਸ ਨੂੰ ਗਾਲਾਂ ਕੱਢਦੇ ਸਨ। ਇਕ ਮਹੀਨਾ ਪਹਿਲਾਂ ਉਸ ਦਾ ਆਪਣੇ ਭਰਾ ਨਾਲ ਮੋਬਾਈਲ ਖਰੀਦਣ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਲਖਬੀਰ ਦੀ ਬੁਰੀ ਤਰ੍ਹਾਂ ਬੇਇੱਜ਼ਤੀ ਕੀਤੀ। ਇਸ ਦੇ ਨਾਲ ਹੀ ਉਹ ਆਪਣੇ ਭਰਾ ਦੀ ਤਰੱਕੀ ਤੋਂ ਵੀ ਪ੍ਰੇਸ਼ਾਨ ਸੀ। ਇਸ ਤੋਂ ਦੁਖੀ ਹੋ ਕੇ ਉਸ ਨੇ ਆਪਣੇ ਦੋਸਤ ਰਾਮ ਸਵਰੂਪ ਨਾਲ ਮਿਲ ਕੇ ਇਸ ਕਤਲ ਦੀ ਯੋਜਨਾ ਬਣਾਈ।