ਰਾਜਸਥਾਨ ਚੋਣਾਂ ਦੇ ਮੱਦੇਨਜ਼ਰ ਪੰਜਾਬ ਨੇ ਇਨਫੋਰਸਮੈਂਟ ਗਤੀਵਿਧੀਆਂ ਅਤੇ ਬੇਈਮਾਨ ਤੱਤਾਂ ਵਿਰੁੱਧ ਚੌਕਸੀ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੀਟਿੰਗ ਦੌਰਾਨ ਵਿੱਤ ਕਮਿਸ਼ਨਰ, ਕਰ ਨੇ ਕਿਹਾ ਕਿ ਆਬਕਾਰੀ ਕਮਿਸ਼ਨਰੇਟ ਰਾਜਸਥਾਨ ਰਾਜ ਵਿੱਚ ਸ਼ਾਂਤਮਈ ਅਤੇ ਨਿਰਪੱਖ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਪੂਰਾ ਸਹਿਯੋਗ ਦੇਵੇਗਾ।

Image: For representation purpose only.

ਚੰਡੀਗੜ੍ਹ: ਆਗਾਮੀ ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵਿੱਤ ਕਮਿਸ਼ਨਰ, ਕਰ, ਪੰਜਾਬ ਸ੍ਰੀ ਵਿਕਾਸ ਪ੍ਰਤਾਪ ਨੇ ਅੱਜ ਆਬਕਾਰੀ ਕਮਿਸ਼ਨਰ, ਪੰਜਾਬ, ਸ੍ਰੀ ਵਰੁਣ ਰੂਜ਼ਮ ਅਤੇ ਆਬਕਾਰੀ ਕਮਿਸ਼ਨਰੇਟ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਇਨਫੋਰਸਮੈਂਟ ਗਤੀਵਿਧੀਆਂ ਨੂੰ ਵਧਾਉਣ ਅਤੇ ਬੇਈਮਾਨ ਤੱਤਾਂ 'ਤੇ ਤਿੱਖੀ ਨਿਗਰਾਨੀ ਰੱਖਣ ਸਬੰਧੀ ਮੀਟਿੰਗ ਕੀਤੀ।

ਮੀਟਿੰਗ ਦੌਰਾਨ ਵਿੱਤ ਕਮਿਸ਼ਨਰ, ਕਰ ਨੇ ਕਿਹਾ ਕਿ ਆਬਕਾਰੀ ਕਮਿਸ਼ਨਰੇਟ ਰਾਜਸਥਾਨ ਰਾਜ ਵਿੱਚ ਸ਼ਾਂਤਮਈ ਅਤੇ ਨਿਰਪੱਖ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਪੂਰਾ ਸਹਿਯੋਗ ਦੇਵੇਗਾ। ਉਨ੍ਹਾਂ ਨੇ ਆਬਕਾਰੀ ਕਮਿਸ਼ਨਰ, ਪੰਜਾਬ ਨੂੰ ਸ਼ਰਾਬ ਦੀ ਤਸਕਰੀ ਵਰਗੇ ਗੰਭੀਰ ਮੁੱਦੇ ਸਬੰਧੀ ਸਾਰੇ ਲੋੜੀਂਦੇ ਕਦਮ ਜਲਦੀ ਚੁੱਕਣ ਦੇ ਨਿਰਦੇਸ਼ ਦਿੱਤੇ। ਵਿੱਤ ਕਮਿਸ਼ਨਰ, ਕਰ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਦੀ ਤਹਿਤ ਜਾਇੰਟ ਕਮਿਸ਼ਨਰ (ਆਬਕਾਰੀ), ਪੰਜਾਬ ਨੂੰ ਸਮੁੱਚੀ ਨਿਗਰਾਨੀ ਲਈ ਪੰਜਾਬ ਰਾਜ ਤੋਂ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ।

ਡੀਜੀਪੀ, ਪੰਜਾਬ ਪੁਲਿਸ, ਪੁਲਿਸ ਵਿਭਾਗ, ਪੰਜਾਬ ਦੇ ਤਾਲਮੇਲ ਨਾਲ ਫਾਜ਼ਿਲਕਾ, ਮੁਕਤਸਰ, ਮਾਨਸਾ, ਸੰਗਰੂਰ, ਬਠਿੰਡਾ, ਮੋਹਾਲੀ ਅਤੇ ਪਟਿਆਲਾ ਦੇ ਸਾਰੇ ਨਿਕਾਸ ਟਿਕਾਣਿਆਂ 'ਤੇ ਸਥਾਈ ਚੈਕ ਪੋਸਟਾਂ ਤੈਨਾਤ ਕੀਤੀਆਂ ਗਈਆਂ ਹਨ। ਚੌਕਸੀ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਜੀ.ਐਸ.ਟੀ ਮੋਬਾਈਲ ਵਿੰਗ/ਸਿਪੂ (ਐਸ.ਆਈ.ਪੀ.ਯੂ) ਦੇ ਅਧਿਕਾਰੀ ਅਤੇ ਕਰਮਚਾਰੀਆਂ ਨੂੰ ਵੀ ਚੌਕਸੀ ਈ ਸ਼ਾਮਲ ਕੀਤਾ ਗਿਆ ਹੈ। ਸਥਾਈ ਨਾਕਿਆਂ ਅਤੇ ਮੋਬਾਈਲ ਚੈਕਿੰਗ ਲਈ ਇੰਸਪੈਕਟਰਾਂ ਦੇ 24 ਘੰਟੇ ਡਿਊਟੀ ਸਬੰਧੀ ਰੋਸਟਰ ਜਾਰੀ ਕੀਤਾ ਗਿਆ ਹੈ।

ਈ-ਅਬਕਾਰੀ ਪੋਰਟਲ ਰਾਹੀਂ ਟਰੈਕ ਅਤੇ ਟਰੇਸ ਸਟਿੱਕਰ, ਹੋਲੋਗ੍ਰਾਮ, ਕਿਊਆਰ ਕੋਡ ਅਤੇ ਪਰਮਿਟਾਂ ਅਤੇ ਪਾਸਾਂ ਨੂੰ ਲਾਜ਼ਮੀ ਬਨਾਉਣ ਬਾਰੇ ਸਾਰੇ ਨਿਯਮਾਂ ਨੂੰ ਲਾਗੂ ਕਰਨ ਅਤੇ ਉਨ੍ਹਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਰਾਜ ਭਰ ਦੀਆਂ ਸਾਰੀਆਂ ਡਿਸਟਿਲਰੀਆਂ ਅਤੇ ਬੋਟਲਿੰਗ ਪਲਾਂਟਾਂ ਦੀ ਜਾਂਚ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਾਰੀਆਂ ਸ਼ੱਕੀ ਥਾਵਾਂ, ਬੰਦ ਥਾਂਵਾਂ (ਫੈਕਟਰੀਆਂ/ਗੋਦਾਮਾਂ/ਗੁਦਾਮ), ਖੰਡਰ ਇਮਾਰਤਾਂ, ਢਾਬਿਆਂ ਅਤੇ ਐਲ-17 ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਆਬਕਾਰੀ ਦੇ ਇਨਫੋਰਸਮੈਂਟ-1 ਅਤੇ ਇਨਫੋਰਸਮੈਂਟ-2 ਦੋਵਾਂ ਵਿੰਗਾਂ ਨੂੰ ਰਾਜਸਥਾਨ ਰਾਜ ਨਾਲ ਲੱਗਦੀਆਂ ਸਰਹੱਦਾਂ ਦੇ ਨਾਲ-ਨਾਲ ਸੰਵੇਦਨਸ਼ੀਲ ਖੇਤਰਾਂ ਵਿੱਚ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇੱਥੇ ਵਰਣਨਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ  ਵੱਲੋਂ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ 25 ਨਵੰਬਰ, 2023 ਵੋਟ ਪਾਉਣ ਦੀ ਮਿਤੀ ਅਤੇ 3 ਦਸੰਬਰ, 2023 ਵੋਟਾਂ ਦੀ ਗਿਣਤੀ ਦੀ ਮਿਤੀ ਐਲਾਨੀ ਗਈ ਹੈ।