ਗ਼ਰੀਬ ਪਰਵਾਰ ਦੀ ਕੁੜੀ ਦੀ ਨਿਕਲੀ ਡੇਢ ਕਰੋੜ ਦੀ ਲਾਟਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹੇ ਦੇ ਪਿੰਡ ਗੁਲਾਬਗੜ੍ਹ ਦੇ ਗ਼ਰੀਬ ਪਰਵਾਰ ਦੀ ਕੁੜੀ ਨੂੰ ਡੇਢ ਕਰੋੜ ਰੁਪਏ ਦਾ 'ਦੀਵਾਲੀ ਤੋਹਫ਼ਾ' ਮਿਲਿਆ ਹੈ........

Lottery Winner Girl

ਬਠਿੰਡਾ  : ਜ਼ਿਲ੍ਹੇ ਦੇ ਪਿੰਡ ਗੁਲਾਬਗੜ੍ਹ ਦੇ ਗ਼ਰੀਬ ਪਰਵਾਰ ਦੀ ਕੁੜੀ ਨੂੰ ਡੇਢ ਕਰੋੜ ਰੁਪਏ ਦਾ 'ਦੀਵਾਲੀ ਤੋਹਫ਼ਾ' ਮਿਲਿਆ ਹੈ। ਕੁੱਝ ਦਿਨ ਪਹਿਲਾਂ ਮਾਂ ਨਾਲ ਬੂਟ ਲੈਣ ਗਈ ਲੜਕੀ ਨੇ ਬਠਿੰਡਾ ਦੇ ਬੱਸ ਅੱਡੇ 'ਚ ਲਾਟਰੀ ਦੀ ਟਿਕਟ ਖ਼ਰੀਦੀ ਸੀ। ਪਹਿਲੀ ਵਾਰ ਲਾਟਰੀ ਟਿਕਟ ਖ਼ਰੀਦਣ ਤੇ ਡੇਢ ਸੌ ਰੁਪਏ ਖ਼ਰਚਣ ਦਾ ਝੋਰਾ ਜ਼ਰੂਰ ਸੀ ਪਰ ਜਦ ਅੱਜ ਪ੍ਰਵਾਰ ਨੂੰ ਸੁਨੇਹਾ ਮਿਲਿਆ ਕਿ ਉਨ੍ਹਾਂ ਦੀ ਧੀ ਡੇਢ ਕਰੋੜ ਰੁਪਏ ਦੀ ਮਾਲਕ ਬਣ ਗਈ ਹੈ ਤਾਂ ਪ੍ਰਵਾਰ ਖ਼ੁਸ਼ੀ ਵਿਚ ਖੀਵਾ ਹੋ ਉਠਿਆ। ਪੂਰਾ ਪਿੰਡ ਤੇ ਰਿਸ਼ਤੇਦਾਰਾਂ ਵਧਾਈਆਂ ਦੇ ਰਹੇ ਹਨ। 

ਪੰਜਾਬ ਹੋਮਗਾਰਡ ਦੇ ਜਵਾਨ ਪਰਮਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਕਦੇ ਚਿੱਤ-ਚੇਤਾ ਵੀ ਨਹੀਂ ਸੀ ਕਿ ਮਹੀਨਾ ਪੂਰਾ ਹੋਣ ਤੋਂ ਪਹਿਲਾਂ ਹੀ ਖ਼ਰਚੇ ਪੱਖੋਂ ਹੱਥ ਘੁੱਟਣ ਕੇ ਚੱਲਣ ਵਾਲਾ ਪ੍ਰਵਾਰ ਅੱਜ ਅਚਾਨਕ ਕਰੋੜਪਤੀ ਬਣ ਜਾਵੇਗਾ। ਆਰਥਕ ਤੰਗੀਆਂ ਦਾ ਸਾਹਮਣਾ ਕਰ ਰਹੇ ਪਰਵਾਰ ਦੇ ਛੇ ਮੈਬਰਾਂ ਦਾ ਗੁਜ਼ਾਰਾ ਹੋਮਗਾਰਡ ਜਵਾਨ ਦੀ ਤਨਖ਼ਾਹ ਨਾਲ ਚਲਦਾ ਹੈ। ਸਰਕਾਰੀ ਸਕੂਲ ਗੁਲਾਬਗੜ੍ਹ ਵਿਚ ਬਾਰ੍ਹਵੀਂ ਜਮਾਤ ਦੀ ਪੜ੍ਹਾਈ ਕਰ ਰਹੀ ਲਖਵਿੰਦਰ ਕੌਰ ਨੇ ਦਸਿਆ ਕਿ ਉਹ ਤੇ ਉਸ ਦੀ ਮਾਤਾ ਹਰਦੀਪ ਕੌਰ ਉਸ ਦੇ ਬੂਟ ਲੈਣ ਲਈ ਗਈਆਂ ਸਨ

ਤੇ ਬੱਸ ਅੱਡੇ ਵਿਚ ਉਨ੍ਹਾਂ ਲਾਟਰੀ ਦੀ ਟਿਕਟ ਖ਼ਰੀਦ ਲਈ। ਬੁਧਵਾਰ ਸ਼ਾਮ ਲਾਟਰੀ ਵਿਕਰੇਤਾ ਨੇ ਫ਼ੋਨ ਕਰ ਕੇ ਜਦ ਉਨ੍ਹਾਂ ਨੂੰ ਡੇਢ ਕਰੋੜ ਦਾ ਇਨਾਮ ਨਿਕਲਣ ਦੀ ਗੱਲ ਕਹੀ ਤਾਂ ਪਹਿਲਾਂ ਉਨ੍ਹਾਂ ਨੂੰ ਯਕੀਨ ਨਹੀਂ ਹੋਇਆ। ਲਖਵਿੰਦਰ ਦੀ ਵੱਡੀ ਭੈਣ ਅਵਤਾਰ ਕੌਰ ਬੀਕਾਮ ਕਰ ਰਹੀ ਹੈ ਜਦਕਿ ਛੋਟਾ ਭਰਾ ਰਾਮ ਸਿੰਘ ਨੌਵੀਂ ਜਮਾਤ ਵਿਚ ਪੜ੍ਹ ਰਿਹਾ ਹੈ। ਇਕ ਹੋਰ ਭਰਾ ਅਰਸ਼ਦੀਪ ਸਿੰਘ ਹੈ। ਲਖਵਿੰਦਰ ਅਤੇ ਪ੍ਰਵਾਰਕ ਜੀਆਂ ਨੇ ਦਸਿਆ ਕਿ ਸੱਭ ਤੋਂ ਪਹਿਲਾਂ ਉਹ ਇਸ ਪੈਸੇ ਵਿਚੋਂ ਅਪਣੇ ਲਈ ਵੱਡਾ ਤੇ ਵਧੀਆ ਘਰ ਬਣਾਉਣਗੇ ਤੇ ਫਿਰ ਬੱਚਿਆਂ ਦੀ ਉਚ ਸਿਖਿਆ ਤੇ ਕਾਰੋਬਾਰ ਵਾਲੇ ਪਾਸੇ ਧਿਆਨ ਦਿਤਾ ਜਾਵੇਗਾ।