ਪੰਜਾਬ ਵਿਚ ਮੌਸਮ ਨੇ ਬਦਲਿਆਂ ਮਿਜਾਜ਼, ਹੱਡ ਕੰਬਾਊ ਠੰਢ ਨੇ ਦਿੱਤੀ ਦਸਤਕ
ਕਈ ਥਾਵਾਂ ਕੇ ਗੜ੍ਹਮਾਰੀ ਵੀ ਹੋਈ
ਮੁਹਾਲੀ: ਪੰਜਾਬ ਵਿਚ ਮੌਸਮ ਨੇ ਕਰਵਟ ਲੈ ਲਈ ਹੈ। ਮੌਸਮ ਦੇ ਅਚਾਨਕ ਵਿਗੜੇ ਹੋਏ ਮਿਜਾਜ਼ ਨੇ ਲੋਕਾਂ ਨੂੰ ਕਾਫੀ ਹੈਰਾਨ ਕਰ ਦਿੱਤਾ ਹੈ। ਅੱਜ ਵੀ ਪੰਜਾਬ ਦੇ ਕਈ ਹਿੱਸਿਆ 'ਚ ਮੀਂਹ ਪਿਆ। ਮੁਹਾਲੀ ਵਿਚ ਕੱਲ੍ਹ ਤੋਂ ਹੀ ਮੀਂਹ ਪੈ ਰਿਹਾ ਹੈ। ਮੁਹਾਲੀ ਵਿਚ ਸਵੇਰੇ ਪਏ ਮੀਂਹ ਨੇ ਲੋਕਾਂ ਨੂੰ ਕਾਂਬਾ ਛੁਡਾ ਦਿੱਤਾ। ਨਾਲ ਹੀ ਬਲਾਚੌਰ 'ਚ ਹੋਈ ਭਾਰੀ ਗੜੇਮਾਰੀ ਨੇ ਠੰਡ 'ਚ ਚੋਖਾ ਵਾਧਾ ਕਰ ਦਿੱਤਾ ਹੈ। ਇਸਦੇ ਨਾਲ ਹੀ ਚੰਡੀਗੜ੍ਹ ਵਿਚ ਸਵੇਰੇ ਮੀਂਹ ਦੇ ਨਾਲ-ਨਾਲ ਗੜ੍ਹੇਮਾਰੀ ਵੀ ਹੋਈ।
ਦੱਸ ਦੇਈਏ ਕਿ ਪਿਛਲੇ ਕੁੱਝ ਦਿਨਾਂ ਤੋਂ ਲਾਏ ਜਾ ਰਹੇ ਅਨੁਮਾਨ ਕੱਲ੍ਹ ਉਸ ਵੇਲੇ ਪੱਕੇ ਹੋ ਗਏ ਜਦੋਂ ਕਈ ਥਾਵਾਂ 'ਤੇ ਦਿਨ ਵੇਲੇ ਹੀ ਹਨੇਰਾ ਛਾ ਗਿਆ। ਬੱਦਲਾਂ ਦੀ ਮੋਟੀ ਚਾਦਰ ਅਸਮਾਨ 'ਚ ਇੰਜ ਵਿਛ ਗਈ ਜਿਵੇਂ ਸਾਉਣ ਮਹੀਨਾ ਹੋਵੇ। ਇਸ ਤੋਂ ਬਾਅਦ ਕਈ ਇਲਾਕਿਆਂ ਅੰਦਰ ਤੇਜ਼ ਹਵਾਵਾਂ ਵੀ ਚਲੀਆਂ।
ਕੁੱਝ ਥਾਵਾਂ ਤੋਂ ਇਹ ਵੀ ਖ਼ਬਰਾਂ ਮਿਲੀਆਂ ਹਨ ਕਿ ਗੜੇਮਾਰੀ ਨਾਲ ਮੀਂਹ ਵੀ ਪਿਆ। ਇਸ ਤੋਂ ਇਲਾਵਾ ਕੱਲ੍ਹ ਦੇਰ ਸ਼ਾਮ ਅੰਮ੍ਰਿਤਸਰ, ਗੁਰਦਾਸਪੁਰ, ਨਵਾਂ ਸ਼ਹਿਰ, ਸੰਗਰੂਰ, ਮੁਕਤਸਰ, ਮੋਹਾਲੀ, ਚੰਡੀਗੜ੍ਹ ਤੇ ਫ਼ਤਿਹਗੜ੍ਹ ਸਾਹਿਬ ਤੋਂ ਵੀ ਗਰਜ ਨਾਲ ਮੀਂਹ ਪੈਣ ਦੀਆਂ ਖ਼ਬਰਾਂ ਮਿਲੀਆਂ। ਪੰਜਾਬ ਦੇ ਨਾਲ-ਨਾਲ ਹਰਿਆਣਾ ਤੋਂ ਵੀ ਮੀਂਹ ਪੈਣ ਦੀਆਂ ਖ਼ਬਰਾਂ ਹਨ।
ਦੱਸ ਦੇਈਏ ਕਿ ਮਾਨਸਾ ਦੇ ਪਿੰਡ ਮੀਆਂ ਵਿਚ ਖੇਤਾਂ ਵਿਚ ਨਰਮਾ ਚੁਗਦੇ ਹੋਏ ਮਜ਼ਦੂਰਾਂ 'ਤੇ ਆਸਮਾਨੀ ਬਿਜਲੀ ਡਿੱਗ ਗਈ। ਇਸਦੇ ਨਾਲ ਹੀ ਮੁਕਤਸਰ ਸਾਹਿਬ ਨੇੜੇ ਪਿੰਡ ਗੁਲਾਬੇਵਾਲਾ ਵਿਖੇ ਸਥਿਤ ਮਾਲਵਾ ਪਾਵਰ ਪਲਾਂਟ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਅੱਗ ਲੱਗ ਗਈ । ਪਾਵਰ ਪਲਾਂਟ 'ਚ ਅੱਗ ਨਾਲ ਪਰਾਲੀ ਦੀਆਂ ਗੱਠਾ ਸੱੜ ਕੇ ਸਵਾਹ ਹੋ ਗਈਆਂ । ਅੱਗ ਨੂੰ ਕਾਬੂ ਕਰਨ ਲਈ ਵੱਡੇ ਪੱਧਰ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗੀਆਂ ਹੋਈਆਂ ਹਨ।