ਢਾਡੀ ਸਭਾ ਵਲੋਂ 24 ਨਵੰਬਰ ਤੋਂ ਮਰਨ ਵਰਤ ਰੱਖਣ ਦਾ ਐਲਾਨ
ਢਾਡੀ ਸਭਾ ਵਲੋਂ 24 ਨਵੰਬਰ ਤੋਂ ਮਰਨ ਵਰਤ ਰੱਖਣ ਦਾ ਐਲਾਨ
ਅੰਮ੍ਰਿਤਸਰ, 15 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਵਲੋਂ ਕਲ ਦੁਪਹਿਰ 2 ਵਜੇ ਤੋਂ ਚਲ ਰਹੀ ਭੁੱਖ ਹੜਤਾਲ ਅੱਜ ਸਮਾਪਤ ਹੋ ਗਈ। ਢਾਡੀ ਸਿੰਘਾਂ ਨੇ ਅੱਜ ਵਿਰਾਸਤੀ ਮਾਰਗ ਵਿਖੇ ਧਾਰਮਕ ਦੀਵਾਨ ਸਜਾਇਆ ਜਿਸ ਵਿਚ ਭਾਈ ਹਰਦੀਪ ਸਿੰਘ ਮਾਣੋਚਾਲ, ਸ. ਸਤਨਾਮ ਸਿੰਘ ਲਾਲੂ ਘੁੰਮਣ, ਨਰਿੰਦਰ ਸਿੰਘ ਢਿੱਲੋਂ ਆਦਿ ਜਥਿਆਂ ਨੇ ਸਵੇਰੇ 9 ਵਜੇ ਤੋਂ 1 ਵਜੇ ਤਕ ਢਾਡੀ ਦਰਬਾਰ ਵਿਚ ਹਾਜ਼ਰੀ ਭਰੀ ਅਤੇ ਢਾਡੀ ਦਰਬਾਰ ਦੀ ਸਮਾਪਤੀ ਤੋਂ ਬਾਅਦ ਇਹ 1 ਤੋਂ 2 ਵਜੇ ਤਕ ਵਿਰਾਸਤੀ ਮਾਰਗ ਵਿਚ ਆਉਣ ਵਾਲੀ ਸੰਗਤ ਦੇ ਜੋੜੇ ਢਾਡੀ ਸਭਾ ਨੇ ਸਾਫ਼ ਕੀਤੇ। ਵੱਡੀ ਗਿਣਤੀ ਵਿਚ ਆਉਂਦੀਆਂ ਜਾਂਦੀਆਂ ਸੰਗਤਾਂ ਨੇ ਢਾਡੀ ਦਰਬਾਰ ਸਰਵਣ ਕੀਤਾ। ਉਥੇ ਹੀ ਕੰਧ ਤੇ ਲਗਾਏ ਬੈਨਰ ਉਤੇ ਲਿਖਿਆ “ਢਾਡੀਆਂ ਦੇ ਤਿੰਨ ਮੀਰ ਮੰਨੂ, ਭਿੱਟੇਵੱਡ ਅਭਿਆਸੀ ਤੇ ਪੰਨੂੰ’’ ਬੜੇ ਗੌਰ ਨਾਲ ਪੜ੍ਹਦੇ ਅਤੇ ਇਨ੍ਹਾਂ ਮੈਂਬਰਾਂ ਨੂੰ ਮਾੜੇ ਸ਼ਬਦ ਬੋਲਦੇ ਵੀ ਨੇ।
ਭੁੱਖ ਹੜਤਾਲ ਦੀ ਸਮਾਪਤੀ ਤੇ ਅਗਲੇ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਸ. ਬਲਦੇਵ ਸਿੰਘ ਐਮ ਏ ਨੇ 24 ਨਵੰਬਰ ਨੂੰ ਮਰਨ ਵਰਤ ਦਾ ਐਲਾਨ ਕਰ ਦਿਤਾ। ਢਾਡੀ ਸਭਾ ਨੇ ਮੁੜ ਦੁਹਰਾਇਆ ਕਿ 22 ਨਿਯਮਾਂ ਦੀ ਸੋਧ ਤਕ ਸੰਘਰਸ਼ ਜਾਰੀ ਰਹੇਗਾ। ਢਾਡੀ ਸਭਾ ਦੇ ਅੱਜ ਦੇ ਪ੍ਰੋਗਰਾਮ ਵਿਚ ਲਖਵੀਰ ਸਿੰਘ ਕੋਮਲ, ਸੁਖਦੇਵ ਸਿੰਘ ਬੂਹ, ਗੁਲਜ਼ਾਰ ਸਿੰਘ ਖੇੜਾ, ਨਿਰਮਲ ਸਿੰਘ ਜੇਠੂਵਾਲ, ਸ. ਸਤਨਾਮ ਸਿੰਘ ਲਾਲੂ ਘੁੰਮਣ, ਗੁਰਜੀਤ ਸਿੰਘ ਮਾਨੋਚਾਹਲ, ਹਰਦੀਪ ਸਿੰਘ ਮਾਨੋਚਾਲ ਆਦਿ ਹਾਜ਼ਰ ਸਨ।