ਮੁਹੰਮਦ ਮੁਸਤਫ਼ਾ ਨੂੰ ਸੁਪਰੀਮ ਕੋਰਟ ਤੋਂ ਝਟਕਾ, ਦਿਨਕਰ ਗੁਪਤਾ ਦੀ ਨਿਯੁਕਤੀ ਖਿਲਾਫ਼ ਅਪੀਲ ਹੋਈ ਰੱਦ
7 ਫਰਵਰੀ, 2019 ਨੂੰ ਦਿਨਕਰ ਗੁਪਤਾ ਨੂੰ ਪੰਜਾਬ ਡੀਜੀਪੀ ਵਜੋਂ ਨਿਯੁਕਤ ਕਰਨ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ
ਚੰਡੀਗੜ੍ਹ - ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਦਿਨਕਰ ਗੁਪਤਾ ਦੀ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਵਜੋਂ ਨਿਯੁਕਤੀ ਨੂੰ ਬਰਕਰਾਰ ਰੱਖਣ ਵਾਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਵਿਰੁੱਧ ਦਾਇਰ ਵਿਸ਼ੇਸ਼ ਪਟੀਸ਼ਨ ਨੂੰ ਮੰਗਲਵਾਰ ਨੂੰ ਖਾਰਜ ਕਰ ਦਿੱਤਾ ਹੈ। ਜਸਟਿਸ ਐਲ ਨਾਗੇਸ਼ਵਰ ਰਾਓ, ਸੰਜੀਵ ਖੰਨਾ ਅਤੇ ਬੀਆਰ ਗਵਈ ਦੇ ਬੈਂਚ ਨੇ ਆਈਪੀਐਸ ਅਫਸਰ ਸਿਧਾਰਥ ਚਟੋਪਾਧਿਆਏ ਅਤੇ ਮੁਹੰਮਦ ਮੁਸਤਫਾ ਦੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ
ਜਿਨ੍ਹਾਂ ਨੇ 7 ਫਰਵਰੀ, 2019 ਨੂੰ ਦਿਨਕਰ ਗੁਪਤਾ ਨੂੰ ਪੰਜਾਬ ਡੀਜੀਪੀ ਵਜੋਂ ਨਿਯੁਕਤ ਕਰਨ ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ। ਬੈਂਚ ਨੇ 15 ਸਤੰਬਰ 2021 ਨੂੰ ਪਟੀਸ਼ਨ 'ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਕੈਪਟਨ ਅਮਰਿੰਦਰ ਸਿੰਘ ਦੀ ਥਾਂ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਕਤੂਬਰ ਮਹੀਨੇ ਵਿਚ ਦਿਨਕਰ ਗੁਪਤਾ ਛੁੱਟੀ 'ਤੇ ਚਲੇ ਗਏ ਸਨ।
ਸਿਧਾਰਥ ਚਟੋਪਾਧਿਆਏ (1986 ਬੈਚ ਦੇ ਅਧਿਕਾਰੀ) ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕ੍ਰਿਸ਼ਨਨ ਵੇਣੂਗੋਪਾਲ ਨੇ ਦਲੀਲ ਦਿੱਤੀ ਕਿ ਚਟੋਪਾਧਿਆਏ ਨੂੰ ਸੂਚੀਬੱਧ ਕਰਨ ਲਈ ਅਯੋਗ ਮੰਨਿਆ ਗਿਆ ਸੀ ਕਿਉਂਕਿ ਤਤਕਾਲੀ ਡੀਜੀਪੀ ਸੁਰੇਸ਼ ਅਰੋੜਾ, ਡੀਜੀਪੀ ਦੇ ਅਹੁਦੇ ਦੀ ਚੋਣ ਲਈ ਪੈਨਲ ਕਮੇਟੀ ਦੇ ਸਾਬਕਾ ਅਧਿਕਾਰੀ ਮੈਂਬਰ ਸਨ, ਉਹਨਾਂ ਦੇ ਖਿਲਾਫ਼ ਪੱਖਪਾਤ ਸਨ।