ਜਲ ਸਪਲਾਈ ਇਨਲਿਸਟਮੈਂਟ ਕਾਮਿਆਂ ਨੇ ਨਵਜੋਤ ਸਿੱਧੂ ਦੀ ਕੋਠੀ ਦਾ ਕੀਤਾ ਘਿਰਾਉ

ਏਜੰਸੀ

ਖ਼ਬਰਾਂ, ਪੰਜਾਬ

ਜਲ ਸਪਲਾਈ ਇਨਲਿਸਟਮੈਂਟ ਕਾਮਿਆਂ ਨੇ ਨਵਜੋਤ ਸਿੱਧੂ ਦੀ ਕੋਠੀ ਦਾ ਕੀਤਾ ਘਿਰਾਉ

image

ਪਟਿਆਲਾ, 15 ਨਵੰਬਰ (ਦਲਜਿੰਦਰ ਸਿੰਘ) : ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਵਲੋਂ ਜਲ ਸਪਲਾਈ ਮੁੱਖ ਦਫ਼ਤਰ ਵਿਖੇ  ਲਗਾਤਾਰ ਮੋਰਚੇ ਦੇ 127ਵੇਂ ਦਿਨ ਦੌਰਾਨ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਸਥਿਤ ਕੋਠੀ ਦਾ ਘਿਰਾਉ ਕਰਨ ਲਈ ਮਾਰਚ ਕੀਤਾ ਗਿਆ, ਜਿਸ ਦੀ ਅਗਵਾਈ ਸੂਬਾ ਪ੍ਰਧਾਨ ਸੰਦੀਪ ਕੁਮਾਰ ਸਰਮਾ ਅਤੇ ਮੀਤ ਪ੍ਰਧਾਨ ਰਮੇਸ਼ ਕੁਮਾਰ ਨੇ ਕੀਤੀ। 
ਮਾਰਚ ਦੌਰਾਨ ਕੋਠੀ ਤੋਂ ਪਹਿਲਾਂ ਹੀ ਪ੍ਰਸ਼ਾਸਨ ਵਲੋਂ ਯਾਦਵਿੰਦਰਾ ਕਾਲੋਨੀ ਦੇ ਗੇਟ ਨੰਬਰ 2 ਨੂੰ ਬੰਦ ਕਰਨ ’ਤੇ ਉਥੇ ਹੀ ਧਰਨਾ ਸ਼ੁਰੂ ਕੀਤਾ ਗਿਆ। 
ਇਸ ਮੌਕੇ ਸੂਬਾ ਆਗੂ ਦਵਿੰਦਰ ਸਿੰਘ ਨਾਭਾ ਅਤੇ ਬਲਜਿੰਦਰ ਸਿੰਘ ਸਮਾਣਾ ਨੇ ਕਿਹਾ ਕਿ ਜਲ ਸਪਲਾਈ ਵਿਭਾਗ ਵਿਚ ਲੰਮੇ ਸਮੇਂ ਤੋਂ ਇਨਲਿਸਟਮੈਂਟ ਪਾਲਿਸੀ ਤਹਿਤ ਕੰਮ ਕਰਦੇ ਵਰਕਰਾਂ ਨੂੰ ਵਿਭਾਗ ਵਿਚ ਪੱਕੇ ਰੁਜ਼ਗਾਰ ਦੇ ਪ੍ਰਬੰਧ ਲਈ ਸਿਰਫ਼ ਲਾਰਿਆਂ ਨਾਲ ਸਾਰਿਆ ਜਾ ਰਿਹਾ ਹੈ। ਸਰਕਾਰ ਤੋਂ ਅੱਕੇ ਵਰਕਰਾਂ ਨੇ ਅੱਜ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕੋਠੀ ਅੱਗੇ ਪਿਟ ਸਿਆਪਾ ਕੀਤਾ ਅਤੇ ਜੰਮ ਕੇ ਚੰਨੀ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ। ਅਖੀਰ ਪ੍ਰਸ਼ਾਸਨ ਨੇ ਅੱਜ 16 ਨਵੰਬਰ ਨੂੰ ਅੰਮ੍ਰਿਤਸਰ ਵਿਚ ਜਥੇਬੰਦੀ ਨੂੰ ਮਿਲਣ ਦਾ ਸਮਾਂ ਫ਼ੋਨ ’ਤੇ ਦਿਤਾ ਹੈ ਅਤੇ ਗੱਲਬਾਤ ਕਰ ਕੇ ਮਸਲਾ ਹੱਲ ਕਰਨ ਦਾ ਭਰੋਸਾ ਦਿਤਾ ਹੈ। 
ਇਸ ਸਮੇਂ ਸੂਬਾ ਪ੍ਰਧਾਨ ਨੇ ਐਲਾਨ ਕੀਤਾ ਕਿ ਜੇਕਰ ਕਲ ਵਰਕਰਾਂ ਦੇ ਭਵਿੱਖ ਲਈ ਕੋਈ ਗੱਲ ਰਾਹ ਨਾ ਪਈ ਤਾਂ ਦਿਨ ਦੁਬਾਰਾ ਸਿੱਧੂ ਦੀ ਕੋਠੀ ਦਾ ਪੱਕੇ ਤੌਰ ’ਤੇ ਘਿਰਾਉ ਕਰ ਕੇ ਮੋਰਚਾ ਖੋਲ੍ਹਿਆ ਜਾਵੇਗਾ। 
ਅੱਜ ਦੇ ਰੋਸ ਮਾਰਚ ਵਿਚ ਸਰਦੀਪ ਸਮਾਣਾ, ਕੁਲਦੀਪ ਸੰਗਰੂਰ, ਹੰਸਾ ਸਿੰਘ ਬਰਨਾਲ, ਜਗਰੂਪ ਨਾਭਾ, ਜ਼ਿਲ੍ਹਾ ਪਟਿਆਲਾ ਪ੍ਰਧਾਨ ਛੋਟਾ ਸਿੰਘ ਨੰਦਪੁਰ ਕੇਸ਼ੋ ਆਦਿ ਆਗੂ ਅਤੇ ਵਰਕਰ ਹਾਜ਼ਰ ਸਨ।
ਫੋਟੋ ਨੰ 15ਪੀਏਟੀ. 20