ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਫਿਰ ਸੜਕਾਂ 'ਤੇ ਉਤਰਨਗੇ ਕਿਸਾਨ, ਕਰਨਗੇ ਚੱਕਾ ਜਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਸੁਰੱਖਿਆ ਪ੍ਰਬੰਧ ਕੀਤੇ ਮਜ਼ਬੂਤ

Farmers Protest Sangrur

 

ਮੁਹਾਲੀ: ਕਿਸਾਨ ਅੱਜ ਪੰਜਾਬ 'ਚ ਚੱਕਾ ਜਾਮ ਕਰਨਗੇ। ਚੱਕਾ ਜਾਮ ਦਾ ਕਾਰਨ ਦਿੱਲੀ ਮੋਰਚੇ ਵਿੱਚ ਕੇਂਦਰ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਪੂਰਾ ਨਾ ਕਰਨਾ ਹੈ। ਕਿਸਾਨ ਆਗੂਆਂ ਨੇ ਪੰਜਾਬ ਵਾਸੀਆਂ ਨੂੰ ਉਨ੍ਹਾਂ ਦਾ ਸਾਥ ਦੇਣ ਦਾ ਸੱਦਾ ਦਿੱਤਾ।

ਲੋਕਾਂ ਨੂੰ ਹਾਈਵੇਅ ਆਦਿ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸੂਤਰਾਂ ਅਨੁਸਾਰ ਰਾਜਪੁਰਾ-ਪਟਿਆਲਾ ਰੋਡ ’ਤੇ ਢੇਰੀਆਂ ਜੱਟਾਂ, ਫਰੀਦਕੋਟ ਟਹਿਣਾ ਟੀ-ਪੁਆਇੰਟ, ਸ੍ਰੀ ਅੰਮ੍ਰਿਤਸਰ ਸਾਹਿਬ ਭੰਡਾਰੀ ਪੁਲ, ਤਿੰਨ ਕੋਣੀਆਂ ਪੁਲ, ਮਾਨਸਾ ਰੋਡ, ਮੁਕੇਰੀਆਂ ਨੇੜੇ ਅਤੇ ਤਲਵੰਡੀ ਸਾਬੋ ਰੋਡ ’ਤੇ ਚੱਕਾ ਜਾਮ ਲੱਗੇਗਾ।

ਪੁਲਿਸ ਨੇ ਇਨ੍ਹਾਂ ਥਾਵਾਂ ’ਤੇ ਸੁਰੱਖਿਆ ਪ੍ਰਬੰਧ ਵੀ ਮਜ਼ਬੂਤ ​ਕਰ ਦਿੱਤੇ ਹਨ। ਕਿਸਾਨ ਆਗੂਆਂ ਵਿੱਚ ਸਰਕਾਰ ਪ੍ਰਤੀ ਗੁੱਸਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਪਿੱਛੇ ਹਟ ਰਹੀ ਹੈ। ਜੇਕਰ ਸਰਕਾਰ ਨੇ ਸਮੇਂ ਸਿਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।