ਕਰਤਾਰਪੁਰ ਲਾਂਘੇ ’ਤੇ ਸਿੱਖ ਚਿੰਨ੍ਹ ਦੇ ਰੱਖ-ਰਖਾਅ ’ਤੇ ਡਾ. ਐਸਪੀ ਸਿੰਘ ਓਬਰਾਏ ਨੇ ਜਤਾਈ ਨਾਰਾਜ਼ਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਹਨਾਂ ਕਿਹਾ ਕਿ ਉਹ ਇਸ ਗੱਲ 'ਤੇ ਮੁੜ ਵਿਚਾਰ ਕਰਨਗੇ ਕਿ ਪੰਜਾਬ ਵਿਚ ਭਵਿੱਖ ਦੇ ਕਿਸੇ ਪ੍ਰਾਜੈਕਟ ਲਈ ਨਿਵੇਸ਼ ਕਰਨਾ ਹੈ ਜਾਂ ਨਹੀਂ।

Sikh symbol at Kartarpur Sahib corridor

 

ਕਰਤਾਰਪੁਰ: ਉੱਘੇ ਸਮਾਜਸੇਵੀ ਅਤੇ ਦੁਬਈ ਦੇ ਕਾਰੋਬਾਰ ਡਾ. ਐਸਪੀ ਸਿੰਘ ਓਬਰਾਏ ਦਾ ਕਹਿਣਾ ਹੈ ਕਿ ਕਰਤਾਰਪੁਰ ਲਾਂਘੇ ’ਤੇ ਸਥਿਤ ਧਾਰਮਿਕ ਸਮਾਰਕ ਦੀ ਸਾਂਭ-ਸੰਭਾਲ ਲਈ ਸਰਕਾਰ ਦੀ ਬੇਰੁਖੀ ਅਤੇ ਅਸੰਵੇਦਨਸ਼ੀਲਤਾ ਤੋਂ ਉਹ ਹੈਰਾਨ ਹਨ, ਜਿਸ 'ਤੇ ਉਹਨਾਂ ਨੇ ਤਿੰਨ ਸਾਲ ਪਹਿਲਾਂ ਲੱਖਾਂ ਰੁਪਏ ਖਰਚ ਕੀਤੇ ਸਨ। ਉਹਨਾਂ ਕਿਹਾ ਕਿ ਉਹ ਇਸ ਗੱਲ 'ਤੇ ਮੁੜ ਵਿਚਾਰ ਕਰਨਗੇ ਕਿ ਪੰਜਾਬ ਵਿਚ ਭਵਿੱਖ ਦੇ ਕਿਸੇ ਪ੍ਰਾਜੈਕਟ ਲਈ ਨਿਵੇਸ਼ ਕਰਨਾ ਹੈ ਜਾਂ ਨਹੀਂ।

ਐਸਪੀ ਸਿੰਘ ਓਬਰਾਏ ਨੇ ਉਸ ਥਾਂ ਦਾ ਦੌਰਾ ਕੀਤਾ, ਜਿੱਥੇ ਨਵੰਬਰ 2019 ਵਿਚ 40 ਲੱਖ ਦੀ ਲਾਗਤ ਨਾਲ ਕਾਂਸੀ ਦੇ ‘ਇਕ ਓਂਕਾਰ’ ਨੂੰ ਸਥਾਪਤ ਕੀਤਾ ਗਿਆ ਸੀ। ਉਹਨਾਂ ਨੂੰ ਇਸ ਸਬੰਧੀ ਕਈ ਸ਼ਿਕਾਇਤਾਂ ਮਿਲੀਆਂ ਸਨ। ਮਿਲੀ ਜਾਣਕਾਰੀ ਅਨੁਸਾਰ ਅਕਤੂਬਰ 2019 ਵਿਚ ਪੰਜਾਬ ਸਰਕਾਰ ਨੇ ਇਹ ਸਮਾਰਕ ਬਣਾਉਣ ਲਈ ਉਹਨਾਂ ਕੋਲ ਪਹੁੰਚ ਕੀਤੀ ਸੀ।

ਇਸ ਦੇ ਲਈ ਓਬਰਾਏ ਨੇ ਸਭ ਤੋਂ ਵਧੀਆ ਆਰਕੀਟੈਕਟਾਂ ਨੂੰ ਨਿਯੁਕਤ ਕੀਤਾ, ਵਧੀਆ ਸੰਗਮਰਮਰ ਖਰੀਦਿਆ ਅਤੇ 4 ਨਵੰਬਰ ਨੂੰ ਲਾਂਘੇ ਦੇ ਉਦਘਾਟਨ ਤੋਂ ਸਿਰਫ਼ ਪੰਜ ਦਿਨ ਪਹਿਲਾਂ ਇਹ ਸੂਬਾ ਸਰਕਾਰ ਨੂੰ ਸੌਂਪ ਦਿੱਤਾ ਗਿਆ। ਜ਼ਮੀਨ ਤੋਂ 31 ਫੁੱਟ ਉੱਚਾ ਇਹ ਨਿਸ਼ਾਨ ਚਿੱਟੇ ਸੰਗਮਰਮਰ ਦੀਆਂ ਪਰਤਾਂ 'ਤੇ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਲਾਂਘੇ ਦੇ ਪ੍ਰਵੇਸ਼ ਦੁਆਰ ਟੀ-ਪੁਆਇੰਟ 'ਤੇ ਸਥਾਪਿਤ ਕੀਤਾ ਗਿਆ ਸੀ। ਇਸ ਉੱਤੇ ਅਮਿੱਟ ਸਿਆਹੀ ਨਾਲ ਮੂਲ-ਮੰਤਰ ਲਿਖਿਆ ਹੋਇਆ ਸੀ। ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂ ਅਕਸਰ ਇੱਥੇ ਤਸਵੀਰਾਂ ਖਿਚਵਾਉਂਦੇ ਸਨ ਪਰ ਹੁਣ ਇਹ ਰੁਝਾਨ ਘਟਨਾ ਜਾ ਰਿਹਾ ਹੈ।