Shimla-Amritsar flights: ਹੁਣ ਪੰਜਾਬ ਤੋਂ ਸ਼ਿਮਲਾ ਜਾਣਾ ਹੋਇਆ ਆਸਾਨ, ਸਿਰਫ਼ ਇਕ ਘੰਟੇ ਦਾ ਹੋਵੇਗਾ ਸਫ਼ਰ
ਅੱਜ ਤੋਂ ਸ਼ੁਰੂ ਹੋ ਰਹੀਆਂ ਉਡਾਣਾਂ
Shimla-Amritsar flights: ਅੰਤਰਰਾਸ਼ਟਰੀ ਹਵਾਈ ਅੱਡੇ ਦਿੱਲੀ ਅਤੇ ਅੰਮ੍ਰਿਤਸਰ ਤੋਂ ਸ਼ਿਮਲਾ ਲਈ ਉਡਾਣਾਂ ਅੱਜ ਤੋਂ ਸ਼ੁਰੂ ਹੋ ਰਹੀਆਂ ਹਨ। ਅਲਾਇੰਸ ਏਅਰ ਦਾ 48 ਸੀਟਰ ਜਹਾਜ਼ ਸੱਭ ਤੋਂ ਪਹਿਲਾਂ ਦਿੱਲੀ ਤੋਂ ਸ਼ਿਮਲਾ ਆਵੇਗਾ। ਸ਼ਿਮਲਾ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਵਾਪਸ ਸ਼ਿਮਲਾ, ਸ਼ਿਮਲਾ ਤੋਂ ਧਰਮਸ਼ਾਲਾ ਅਤੇ ਧਰਮਸ਼ਾਲਾ ਤੋਂ ਦਿੱਲੀ ਲਈ ਉਡਾਣ ਭਰੇਗਾ।
ਇਸ ਰੂਟ 'ਤੇ ਹਫ਼ਤੇ ਵਿਚ ਤਿੰਨ ਦਿਨ ਯਾਨੀ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਨੂੰ ਉਡਾਣਾਂ ਚੱਲਣਗੀਆਂ। 'ਉਡਾਨ ਸਕੀਮ' ਤਹਿਤ ਕਿਰਾਏ 'ਚ 50 ਫ਼ੀ ਸਦੀ ਛੋਟ ਦਿਤੀ ਜਾਵੇਗੀ। ਅੰਮ੍ਰਿਤਸਰ ਤੋਂ ਸ਼ਿਮਲਾ ਦਾ ਕਿਰਾਇਆ 1999 ਰੁਪਏ ਰੱਖਿਆ ਗਿਆ ਹੈ। ਇਹ ਕਿਰਾਇਆ ਸ਼ੁਰੂ ਵਿਚ ਇਕ ਮਹੀਨੇ ਲਈ ਤੈਅ ਕੀਤਾ ਗਿਆ ਹੈ। ਇਸ ਤੋਂ ਬਾਅਦ ਅੰਮ੍ਰਿਤਸਰ-ਸ਼ਿਮਲਾ ਰੂਟ 'ਤੇ 2848 ਰੁਪਏ ਦਾ ਕਿਰਾਇਆ ਅਦਾ ਕਰਨਾ ਹੋਵੇਗਾ।
ਸਰਕਾਰ ਕਿਰਾਏ 'ਤੇ 50 ਫ਼ੀ ਸਦੀ ਸਬਸਿਡੀ ਦੇ ਰਹੀ ਹੈ। ਇਸੇ ਤਰ੍ਹਾਂ ਦਿੱਲੀ ਤੋਂ ਸ਼ਿਮਲਾ ਦਾ ਕਿਰਾਇਆ 4904 ਰੁਪਏ ਅਤੇ ਸ਼ਿਮਲਾ ਤੋਂ ਦਿੱਲੀ ਦਾ ਕਿਰਾਇਆ 5063 ਰੁਪਏ ਰੱਖਿਆ ਗਿਆ ਹੈ।
ਇਹ ਰਹੇਗਾ ਉਡਾਣ ਦਾ ਸਮਾਂ
ਅਲਾਇੰਸ ਏਅਰ ਦਾ ਜਹਾਜ਼ ਦਿੱਲੀ ਤੋਂ ਸਵੇਰੇ 7.10 ਵਜੇ ਉਡਾਣ ਭਰੇਗਾ ਅਤੇ ਸਵੇਰੇ 8.20 ਵਜੇ ਸ਼ਿਮਲਾ ਦੇ ਜੁਬਾਰਹੱਟੀ ਪਹੁੰਚੇਗਾ। ਸਵੇਰੇ 8.45 ਵਜੇ ਸ਼ਿਮਲਾ ਤੋਂ ਅੰਮ੍ਰਿਤਸਰ ਲਈ ਫਲਾਈਟ ਉਡਾਣ ਭਰੇਗੀ। ਇਹ ਸਵੇਰੇ 9.50 ਵਜੇ ਅੰਮ੍ਰਿਤਸਰ ਪਹੁੰਚੇਗੀ। ਉਡਾਣ ਸਵੇਰੇ 10.15 ਵਜੇ ਸ਼ਿਮਲਾ ਵਾਪਸ ਆਵੇਗੀ ਅਤੇ 11.10 ਵਜੇ ਸ਼ਿਮਲਾ ਵਿਚ ਉਤਰੇਗੀ।
ਇਹ ਸਵੇਰੇ 11.35 'ਤੇ ਸ਼ਿਮਲਾ ਤੋਂ ਧਰਮਸ਼ਾਲਾ ਲਈ ਰਵਾਨਾ ਹੋਵੇਗੀ ਅਤੇ 12.45 'ਤੇ ਧਰਮਸ਼ਾਲਾ ਪਹੁੰਚੇਗੀ। ਇਹ ਦੁਪਹਿਰ 1.10 ਵਜੇ ਧਰਮਸ਼ਾਲਾ ਤੋਂ ਦਿੱਲੀ ਲਈ ਉਡਾਣ ਭਰੇਗੀ ਅਤੇ ਦੁਪਹਿਰ 2.55 ਵਜੇ ਪਹੁੰਚੇਗੀ। ਅਲਾਇੰਸ ਏਅਰ ਦੇ ਅਧਿਕਾਰੀਆਂ ਮੁਤਾਬਕ ਫਲਾਈਟ ਦੇ ਸਮੇਂ 'ਚ ਮਾਮੂਲੀ ਬਦਲਾਅ ਹੋ ਸਕਦਾ ਹੈ। ਇਹ ਦਿੱਲੀ ਤੋਂ ਸਵੇਰ ਦੀ ਫਲਾਈਟ ਦੇ ਸਲਾਟ 'ਤੇ ਨਿਰਭਰ ਕਰੇਗਾ।
ਇਕ ਘੰਟੇ ਦਾ ਹੋਵੇਗਾ ਸਫ਼ਰ
ਇਸ ਰੂਟ 'ਤੇ ਉਡਾਣਾਂ ਸ਼ੁਰੂ ਹੋਣ ਨਾਲ ਯਾਤਰੀ ਦਿੱਲੀ ਅਤੇ ਅੰਮ੍ਰਿਤਸਰ ਤੋਂ ਇਕ ਘੰਟੇ ਵਿਚ ਸ਼ਿਮਲਾ ਅਤੇ ਧਰਮਸ਼ਾਲਾ ਪਹੁੰਚ ਸਕਣਗੇ। ਸੈਰ ਸਪਾਟਾ ਉਦਯੋਗ ਨੂੰ ਇਸ ਦਾ ਫਾਇਦਾ ਹੋਵੇਗਾ। ਸੈਲਾਨੀਆਂ ਦੇ ਨਾਲ-ਨਾਲ ਸਥਾਨਕ ਲੋਕ ਵੀ ਇਸ ਸੇਵਾ ਦਾ ਲਾਭ ਲੈ ਸਕਣਗੇ ਅਤੇ ਆਉਣ-ਜਾਣ ਦੇ ਸਮੇਂ ਦੀ ਬਚਤ ਹੋਵੇਗੀ। ਹਿਮਾਚਲ ’ਚ ਸਰਦੀਆਂ ਦਾ ਸੈਲਾਨੀ ਸੀਜ਼ਨ ਸ਼ੁਰੂ ਹੋ ਗਿਆ ਹੈ। ਜਿਵੇਂ ਹੀ ਪਹਾੜਾਂ 'ਤੇ ਬਰਫਬਾਰੀ ਜ਼ਿਆਦਾ ਹੋਵੇਗੀ, ਜ਼ਿਆਦਾ ਸੈਲਾਨੀ ਪਹਾੜਾਂ ਵੱਲ ਆਉਣਗੇ।
ਹਿਮਾਚਲ ਵਿਚ ਜ਼ਿਆਦਾਤਰ ਸੈਲਾਨੀ ਗੁਆਂਢੀ ਸੂਬਿਆਂ ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਦਿੱਲੀ ਤੋਂ ਆਉਂਦੇ ਹਨ। ਅਜਿਹੇ 'ਚ ਦਿੱਲੀ ਅਤੇ ਅੰਮ੍ਰਿਤਸਰ ਤੋਂ ਉਡਾਣਾਂ ਸ਼ੁਰੂ ਹੋਣ ਤੋਂ ਬਾਅਦ ਸੈਲਾਨੀ ਵੀ ਆਸਾਨੀ ਨਾਲ ਪਹਾੜਾਂ ਦੀ ਰਾਣੀ ਸ਼ਿਮਲਾ ਪਹੁੰਚ ਸਕਣਗੇ। ਇਸੇ ਤਰ੍ਹਾਂ ਹਰਿਮੰਦਰ ਸਾਹਿਬ ਪਹੁੰਚਣ ਵਾਲੇ ਧਾਰਮਿਕ ਸੈਲਾਨੀ ਵੀ ਸ਼ਿਮਲਾ ਦੇ ਦਰਸ਼ਨ ਕਰ ਸਕਣਗੇ।
(For more news apart from Alliance Air Shimla-Amritsar flights Starts today, stay tuned to Rozana Spokesman)