ਜਗਜੀਤ ਸਿੰਘ ਡੱਲੇਵਾਲ ਨੇ 26 ਨਵੰਬਰ ਤੋਂ ਮਰਨ ਵਰਤ 'ਤੇ ਬੈਠਣ ਦਾ ਕੀਤਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਦੋ ਤੱਕ ਮੰਗਾਂ ਮੰਨੀਆਂ ਨਹੀਂ ਜਾਣਗੀਆਂ ਉਦੋਂ ਤੱਕ ਧਰਨਾ ਜਾਰੀ ਰਹੇਗਾ।

Jagjit Singh Dallewal announces to sit on fast unto death from November 26

ਪਟਿਆਲਾ:  ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਮਰਨ ਵਰਤ ’ਤੇ ਬੈਠ ਰਹੇ ਹਨ। ਇਹ ਫ਼ੈਸਲਾ ਪਟਿਆਲਾ ਜ਼ਿਲ੍ਹੇ ਅਧੀਨ ਪੈਂਦੇ ਸ਼ੰਭੂ ਅਤੇ ਢਾਬੀਗੁੱਜਰਾਂ ਪਿੰਡਾਂ ’ਚ ਸਥਿਤ ਬਾਰਡਰਾਂ ’ਤੇ ਨੌਂ ਮਹੀਨਿਆਂ ਤੋਂ ਜਾਰੀ ਕਿਸਾਨ ਮੋਰਚੇ ਦੀ ਅਗਵਾਈ ਕਰ ਰਹੀਆਂ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਮੋਰਚੇ ’ਤੇ ਆਧਾਰਤ ਦੋਵੇਂ ਪ੍ਰਮੁੱਖ ਫੋਰਮਾਂ ਵੱਲੋਂ ਲਿਆ ਗਿਆ ਹੈ।

ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਸੀ ਕਿ ਇਸ ਦੌਰਾਨ ਜੇ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਸਾਥੀ ਕਿਸਾਨ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਤੇ ਉਸ ਤੋਂ ਬਾਅਦ ਅਗਲਾ ਆਗੂ ਮਰਨ ਵਰਤ ’ਤੇ ਬੈਠੇਗਾ। ਇਸ ਤਰ੍ਹਾਂ ਮਰਨ ਵਰਤਾਂ ਦੀ ਇਹ ਲੜੀ ਉਦੋਂ ਤੱਕ ਚੱਲੇਦੀ ਰਹੇਗੀ, ਜਦ ਤੱਕ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਨਹੀਂ ਕਰ ਲੈਂਦੀ। ਕਿਸਾਨ ਆਗੂ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਇਹ ਸੰਘਰਸ਼ ਇਵੇਂ ਹੀ ਜਾਰੀ ਰਹੇਗਾ।