Air Force ਦੇ ਜਵਾਨ ਸ਼ੁਭਮ ਕੁਮਾਰ ਨੇ ਬਰੇਲੀ ’ਚ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁਧਿਆਣਾ ਦੇ ਸੁਧਾਰ ’ਚ ਸ਼ੁਭਮ ਕੁਮਾਰ ਦਾ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਸਸਕਾਰ

Air Force jawan Shubham Kumar commits suicide by shooting himself in Bareilly

ਸੁਧਾਰ : ਲੁਧਿਆਣਾ ਜ਼ਿਲ੍ਹੇ ਦੇ ਕਸਬਾ ਸੁਧਾਰ ਬਾਜ਼ਾਰ ਵਾਸੀ ਸ਼ੁਭਮ ਕੁਮਾਰ (25) ਨੇ ਭਾਰਤੀ ਹਵਾਈ ਫੌਜ ਕੇਂਦਰ ਬਰੇਲੀ (ਉੱਤਰ ਪ੍ਰਦੇਸ਼) ਵਿੱਚ ਸਰਕਾਰੀ ਪਿਸਤੌਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਜਵਾਨ ਦਾ ਸਸਕਾਰ ਨਵੀਂ ਅਬਾਦੀ ਅਕਾਲਗੜ੍ਹ ਦੇ ਸ਼ਮਸ਼ਾਨਘਾਟ ਵਿੱਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਸ਼ੁੱਕਰਵਾਰ ਸ਼ਾਮ ਡਿਊਟੀ ਦੌਰਾਨ ਕਿਸੇ ਨਾਲ ਮੋਬਾਈਲ ਫ਼ੋਨ ’ਤੇ ਗੱਲ ਕਰਦਿਆਂ ਸ਼ੁਭਮ ਕੁਮਾਰ ਨੇ ਆਪਣੇ ਮੱਥੇ ਵਿੱਚ ਗੋਲੀ ਮਾਰ ਕੇ ਜਾਨ ਦੇ ਦਿੱਤੀ ਸੀ। ਸਾਥੀ ਜਵਾਨਾਂ ਵੱਲੋਂ ਤੁਰੰਤ ਉਸ ਨੂੰ ਸੈਨਾ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਦੇ ਪਿਤਾ ਕਾਕਾ ਰਾਮ ਅਨੁਸਾਰ ਮ੍ਰਿਤਕ ਜਵਾਨ ਸ਼ੁਭਮ ਕੁਮਾਰ ਦੀ ਲਾਸ਼ ਹਵਾਈ ਸੈਨਾ ਦੇ ਵਿਸ਼ੇਸ਼ ਜਹਾਜ਼ ਰਾਹੀਂ ਇੱਥੇ ਲਿਆਂਦੀ ਗਈ।
ਸ਼ੁਭਮ ਕੁਮਾਰ ਦਾ ਵੱਡਾ ਭਰਾ ਵਿਪਨ ਕੁਮਾਰ ਥਲ ਸੈਨਾ ਵਿੱਚ ਤਾਇਨਾਤ ਹੈ ਅਤੇ ਉਸ ਦੀ ਤਾਇਨਾਤੀ ਵੀ ਬਰੇਲੀ ਵਿੱਚ ਹੀ ਹੈ। ਵਿਪਨ ਕੁਮਾਰ ਅਨੁਸਾਰ ਖ਼ੁਦਕੁਸ਼ੀ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਵੀ ਸ਼ੁਭਮ ਕਿਸੇ ਨਾਲ ਫ਼ੋਨ ’ਤੇ ਗੱਲ ਕਰ ਰਿਹਾ ਸੀ ਅਤੇ ਸਾਥੀ ਜਵਾਨਾਂ ਅਨੁਸਾਰ ਉਹ ਪ੍ਰੇਸ਼ਾਨ ਨਜ਼ਰ ਆ ਰਿਹਾ ਸੀ। ਵਿਪਨ ਕੁਮਾਰ ਨੇ ਦੋਸ਼ ਲਾਇਆ ਕਿ ਕੋਈ ਵਿਅਕਤੀ ਉਸ ਦੇ ਛੋਟੇ ਭਰਾ ਨੂੰ ਪ੍ਰੇਸ਼ਾਨ ਕਰ ਰਿਹਾ ਸੀ ਜੋ ਉਸ ਦੀ ਖ਼ੁਦਕੁਸ਼ੀ ਦਾ ਕਾਰਨ ਬਣਿਆ ਹੈ। ਸ਼ੁਭਮ ਘਟਨਾ ਸਮੇਂ ਰੇਡੀਓ ਡਿਊਟੀ ’ਤੇ ਸੀ। ਗੋਲੀ ਦੀ ਆਵਾਜ਼ ਸੁਣ ਕੇ ਉਸ ਦੇ ਸਾਥੀ ਜਵਾਨਾਂ ਨੇ ਮੌਕੇ ’ਤੇ ਪਹੁੰਚ ਕੇ ਖ਼ੂਨ ਨਾਲ ਲੱਥ-ਪੱਥ ਲਾਸ਼ ਦੇਖੀ। ਬਰੇਲੀ ਦੇ ਇੱਜ਼ਤ ਨਗਰ ਥਾਣੇ ਮੁਖੀ ਇੰਸਪੈਕਟਰ ਵਿਜੇਂਦਰ ਸਿੰਘ ਅਨੁਸਾਰ ਪਰਿਵਾਰ ਦੀ ਸ਼ਿਕਾਇਤ ਅਨੁਸਾਰ ਕਾਲ ਡੀਟੇਲ ਅਤੇ ਹੋਰ ਸਬੂਤਾਂ ਅਨੁਸਾਰ ਮੁਕੱਦਮਾ ਦਰਜ ਕੀਤਾ ਜਾਵੇਗਾ।