ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਫਿਰੋਜ਼ਪੁਰ ’ਚ RSS ਕਾਰਕੁੰਨ ਨਵੀਨ ਅਰੋੜਾ ਦੀ ਹੱਤਿਆ ਦੀ ਕੀਤੀ ਨਿੰਦਾ
‘ਪੰਜਾਬ ਸਰਕਾਰ ਕਾਨੂੰਨ-ਵਿਵਸਥਾ ਸੰਭਾਲਣ ’ਚ ਪੂਰੀ ਤਰ੍ਹਾਂ ਨਾਕਾਮ’
ਚੰਡੀਗੜ੍ਹ: ਪੰਜਾਬ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਫਿਰੋਜ਼ਪੁਰ ਵਿੱਚ ਰਾਸ਼ਟਰੀ ਸਵਯੰਸੇਵਕ ਸੰਘ (ਆਰਐਸਐਸ) ਦੇ ਸਵਯੰਸੇਵਕ ਨਵੀਨ ਅਰੋੜਾ ਦੀ ਦਿਨ-ਦਹਾੜੇ ਬੇਰਹਮੀ ਨਾਲ ਹੱਤਿਆ ਦੀ ਕੜੀ ਨਿੰਦਾ ਕੀਤੀ ਹੈ। ਤੀਜੀ ਪੀੜ੍ਹੀ ਦੇ ਸਵਯੰਸੇਵਕ ਨਵੀਨ, ਸੀਨੀਅਰ ਆਰਐਸਐਸ ਨੇਤਾ ਅਤੇ ਸਤਿਕਾਰਤ ਸਮਾਜਸੇਵੀ ਸਵਰਗੀ ਦੀਨਾ ਨਾਥ ਦੇ ਪੋਤੇ ਅਤੇ ਬਲਦੇਵ ਰਾਜ ਅਰੋੜਾ ਦੇ ਪੁੱਤਰ ਸਨ।
ਸ਼ਰਮਾ ਨੇ ਕਿਹਾ ਕਿ ਇਹ ਕੋਈ ਪਹਿਲੀ ਜਾਂ ਇਕੱਲੀ ਘਟਨਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਵਪਾਰੀ, ਖਿਡਾਰੀ, ਨੌਜਵਾਨ ਜਾਂ ਆਮ ਲੋਕਾਂ ਦੀ ਲਗਾਤਾਰ ਹੋ ਰਹੀ ਹੱਤਿਆ ਅਤੇ ਅਪਰਾਧ ਦੀਆਂ ਘਟਨਾਵਾਂ ਪੰਜਾਬ ਸਰਕਾਰ ਦੀ ਨਾਕਾਮ ਕਾਰਜ-ਸ਼ੈਲੀ 'ਤੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ।
ਸ਼ਰਮਾ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਕਾਨੂੰਨ-ਵਿਵਸਥਾ ਸੰਭਾਲਣ ਵਿੱਚ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ ਅਤੇ ਭਾਜਪਾ ਨਿਰਦੋਸ਼ ਲੋਕਾਂ ਦੀ ਸੁਰੱਖਿਆ ਦੇ ਮੁੱਦੇ 'ਤੇ ਚੁੱਪ ਨਹੀਂ ਬੈਠੇਗੀ। ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਸਾਫ਼ ਦਰਸਾਉਂਦੀ ਹੈ ਕਿ ਮੌਜੂਦਾ ਸਰਕਾਰ ਦੇ ਸ਼ਾਸਨਕਾਲ ਵਿੱਚ ਅਪਰਾਧੀਆਂ ਦੇ ਹੌਸਲੇ ਕਿੰਨੇ ਬੁਲੰਦ ਹੋ ਚੁੱਕੇ ਹਨ। ਉਨ੍ਹਾਂ ਨੇ ਡੂੰਘੀ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਪੰਜਾਬ ਵਿੱਚ ਲੋਕ ਹੁਣ ਕਿਤੇ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਨ।
ਉਨ੍ਹਾਂ ਨੇ ਅੱਗੇ ਕਿਹਾ, "ਜਨਤਾ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਬਜਾਏ, ਪੰਜਾਬ ਪੁਲਿਸ ਨੂੰ ਦਿੱਲੀ ਤੋਂ ਆਏ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਦੀ ਸੇਵਾ ਵਿੱਚ ਲਗਾ ਦਿੱਤਾ ਗਿਆ ਹੈ, ਜੋ ਜਨਹਿਤ ਦੇ ਖਿਲਾਫ਼ ਹੈ।"
ਸ਼ਰਮਾ ਨੇ ਕਿਹਾ ਕਿ ਭਾਜਪਾ ਇਸ ਵਧਦੀ ਅਪਰਾਧ ਲਹਿਰ ਦੇ ਖਿਲਾਫ਼ ਆਪਣੀ ਲੜਾਈ ਜਾਰੀ ਰੱਖੇਗੀ ਅਤੇ ਰਾਜ ਵਿੱਚ ਸ਼ਾਂਤੀ ਅਤੇ ਸੁਰੱਖਿਆ ਬਹਾਲ ਕਰਨ ਲਈ ਕੜੇ ਕਦਮ ਚੁੱਕਣ ਦੀ ਮੰਗ ਕਰਦੀ ਰਹੇਗੀ। ਅਸ਼ਵਨੀ ਸ਼ਰਮਾ ਨੇ ਅਰੋੜਾ ਪਰਿਵਾਰ ਦੇ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਅਤੇ ਨਿਆਂ ਦੀ ਲੜਾਈ ਵਿੱਚ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਵਾਇਆ।