ਪੰਜਾਬ ਵਿੱਚ ਗੈਂਗਸਟਰ ਚਲਾ ਰਹੇ ਹਨ ਸਮਾਨੰਤਰ ਸਰਕਾਰ: ਸੁਨੀਲ ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

‘ਮਾੜੇ ਅਨਸਰਾਂ ਵਿੱਚ ਸਰਕਾਰ ਦਾ ਕੋਈ ਡਰ ਨਹੀਂ ਰਿਹਾ’

Gangsters are running a parallel government in Punjab: Sunil Jakhar

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਫਿਰੋਜ਼ਪੁਰ ਵਿੱਚ ਆਰ ਐਸ ਐਸ ਦੇ ਨੇਤਾ ਬਲਦੇਵ ਰਾਜ ਅਰੋੜਾ ਦੇ ਨੌਜਵਾਨ ਪੁੱਤਰ ਨਵੀਨ ਅਰੋੜਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਨੇ ਆਪ ਸਰਕਾਰ ਦੇ ਰਾਜ ਵਿੱਚ ਕਾਨੂੰਨ ਪ੍ਰਬੰਧਾਂ ਦੀ ਪੋਲ ਇਕ ਵਾਰ ਫਿਰ ਖੋਲ ਦਿੱਤੀ ਹੈ।

ਉਹਨਾਂ ਅੱਜ ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਰਾਜ ਵਿੱਚ ਗੈਂਗਸਟਰ ਸਮਾਂਤਰ ਸਰਕਾਰ ਚਲਾ ਰਹੇ ਹਨ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਹੇ ਹਨ ਤੇ ਉਹਨਾਂ ਪੰਜਾਬ ਨੂੰ ਲਾਵਾਰਿਸ ਛੱਡ ਦਿੱਤਾ ਹੈ।

ਭਾਜਪਾ ਪ੍ਰਧਾਨ ਨੇ ਆਰਐਸਐਸ ਆਗੂ ਦੇ ਪੁੱਤ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਦਹਿਸ਼ਤ ਦੇ ਮਾਹੌਲ ਵਿਚ ਜਿਊਣ ਲਈ ਮਜਬੂਰ ਹਨ, ਜਦ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਅਮਨ ਕਾਨੂੰਨ ਅਤੇ ਸੁਰੱਖਿਆ ਦੇਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।

ਸੁਨੀਲ ਜਾਖੜ ਨੇ ਆਖਿਆ ਕਿ ਨਿਤ ਦਿਨ ਲੋਕਾਂ ਨੂੰ ਧਮਕੀ ਅਤੇ ਫਿਰੌਤੀ ਲਈ ਫੋਨ ਕਾਲ ਆ ਰਹੀਆਂ ਹਨ ਅਤੇ ਰਾਜ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਹਰ ਰੋਜ਼ ਕੋਈ ਨਾ ਕੋਈ ਗੰਭੀਰ ਵਾਰਦਾਤ ਵਾਪਰ ਰਹੀ ਹੈ। ਮਾੜੇ ਅਨਸਰਾਂ ਵਿੱਚ ਸਰਕਾਰ ਦਾ ਕੋਈ ਡਰ ਨਹੀਂ ਰਿਹਾ, ਕਿਉਂਕਿ ਅਸਲ ਵਿੱਚ ਸਰਕਾਰ ਚਲਾਉਣ ਵਾਲਿਆਂ ਨੂੰ ਰਾਜ ਪ੍ਰਬੰਧ ਦੀ ਸਮਝ ਹੀ ਨਹੀਂ ਹੈ ।