ਨੂੰਹ ਤੋਂ ਕਮਰਿਆਂ ਦਾ ਕਬਜ਼ਾ ਲੈਣ ਲਈ ਸਹੁਰਾ ਪਰਿਵਾਰ ਨੇ ਬੁਲਾਈ ਪੁਲਿਸ
ਪੂਰਾ ਪਿੰਡ ਵਿਧਵਾ ਨੂੰਹ ਗਗਨਦੀਪ ਕੌਰ ਦੇ ਹੱਕ ਵਿਚ ਹੋਇਆ ਖੜ੍ਹਾ
ਦੇਹਲਾ ਸੀਹਾਂ : ਸੰਗਰੂਰ ਜ਼ਿਲ੍ਹੇ ਦੇ ਪਿੰਡ ਦੇਹਲਾ ਸੀਹਾਂ ਵਿਚ ਅੱਜ ਉਸ ਸਮੇਂ ਮਾਹੌਲ ਤਣਾਅ ਪੂਰਨ ਹੋ ਗਿਆ ਜਦੋਂ ਇਕ ਸਹੁਰਾ ਪਰਿਵਾਰ ਨੇ ਆਪਣੀ ਨੂੰਹ ਤੋਂ ਦੋ ਕਮਰਿਆਂ ਨੂੰ ਖਾਲੀ ਕਰਵਾਉਣ ਅਤੇ ਉਨ੍ਹਾਂ ਦਾ ਕਬਜਾ ਲੈਣ ਲਈ ਪੁਲਿਸ ਬੁਲਾ ਲਈ। ਜਦੋਂ ਇਸ ਘਟਨਾ ਸਬੰਧੀ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਸਾਰਾ ਪਿੰਡ ਵਿਧਵਾ ਨੂੰਹ ਗਗਨਦੀਪ ਕੌਰ ਦੇ ਹੱਕ ਵਿਚ ਖੜ੍ਹਾ ਹੋ ਗਿਆ।
ਜ਼ਿਕਰਯੋਗ ਹੈ ਕਿ ਸਬ ਡਿਵੀਜ਼ਨ ਮੂਨਕ ਦੇ ਪਿੰਡ ਦੇਹਲਾ ਸੀਹਾਂ ਵਿਖੇ ਵਿਆਹੀ ਗਗਨਦੀਪ ਕੌਰ ਦਾ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨਾਲ ਝਗੜਾ ਰਹਿੰਦਾ ਸੀ । ਕਈ ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ ਸੀ ਅਤੇ ਸਾਲ ਕੁ ਪਹਿਲਾਂ ਉਹ ਆਪਣੇ ਸਹੁਰੇ ਪਰਿਵਾਰ ਦੀ ਸਹਿਮਤੀ ਨਾਲ ਘਰ ਵਿੱਚ ਰਹਿਣ ਲੱਗ ਪਈ। ਦੋ ਕੁ ਮਹੀਨੇ ਪਹਿਲਾਂ ਸਹੁਰੇ ਨੇ ਉਸ ਨੂੰ ਇੱਕ ਸਾਈਡ ਤੇ ਦੋ ਕਮਰੇ ਰਹਿਣ ਲਈ ਦੇ ਦਿੱਤੇ ਸੀ, ਜਿੱਥੇ ਗਗਨਦੀਪ ਕੌਰ ਨੇ ਬਿਜਲੀ ਦਾ ਮੀਟਰ ਵੀ ਲਗਵਾ ਲਿਆ, ਫਿਰ ਉਸ ਦੇ ਸਹੁਰੇ ਵੱਲੋਂ ਆਪਣੀ ਨੂੰਹ ਖਿਲਾਫ ਮਕਾਨ ’ਤੇ ਕਬਜ਼ਾ ਕਰਨ ਦੀ ਦਰਖਾਸਤ ਦੇ ਕੇ ਪਰਚਾ ਕਰਵਾ ਦਿੱਤਾ ਗਿਆ ਸੀ ਤੇ ਨੂੰਹ ਨੂੰ ਦਿੱਤੇ ਦੋ ਕਮਰਿਆਂ ਦਾ ਕਬਜ਼ਾ ਦੁਬਾਰਾ ਆਪਣੇ ਕੋਲ ਲੈ ਲਿਆ ਸੀ।
ਜਦਕਿ ਪੂਰਾ ਪਿੰਡ ਗੁਰਚਰਨ ਸਿੰਘ ਦੀ ਨੂੰਹ ਗਗਨਦੀਪ ਕੌਰ ਦੇ ਪੱਖ ਵਿੱਚ ਖੜ੍ਹਾ ਸੀ। ਬੀਤੇ ਕੱਲ ਜਦੋਂ ਮੁੜ ਪੂਰੇ ਪਿੰਡ ਨੇ ਇਕੱਠਾ ਹੋ ਕੇ ਗਗਨਦੀਪ ਕੌਰ ਨੂੰ ਉਸ ਕਮਰੇ ਦਾ ਕਬਜ਼ਾ ਦਵਾਇਆ ਤਾਂ ਉਸ ਦੇ ਸਹੁਰੇ ਦੀ ਸ਼ਿਕਾਇਤ ਤੇ ਵੱਡੀ ਗਿਣਤੀ ’ਚ ਪੁਲਿਸ ਪ੍ਰਸ਼ਾਸਨ ਪਿੰਡ ਦੇਹਲਾ ਸੀਹਾਂ ਪਹੁੰਚ ਗਿਆ ਅਤੇ ਪਿੰਡ ਦੇ ਮੌਜੂਦਾ ਤੇ ਸਾਬਕਾ ਸਰਪੰਚਾਂ ਸਮੇਤ ਹੋਰ ਵਿਅਕਤੀਆਂ ਨੂੰ ਗਿ੍ਰਫਤਾਰ ਕਰ ਲਿਆ। ਜਦੋਂ ਪੁਲਿਸ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਆਪਣੇ ਨਾਲ ਲਿਜਾਣ ਲੱਗੀ ਤਾਂ ਵੱਡੀ ਗਿਣਤੀ ’ਚ ਇਕੱਠੇ ਹੋਏ ਪਿੰਡ ਵਾਸੀਆਂ ਨੇ ਪੁਲਿਸ ਦੀਆਂ ਗੱਡੀਆਂ ਨੂੰ ਘੇਰ ਲਿਆ ਅਤੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਛੁਡਾ ਲਿਆ।