Pargat Singh ਨੇ ਪਰਿਵਾਰਕ ਝਗੜੇ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ
ਭਰਾ, ਭਤੀਜੇ, ਜੀਜੇ ਅਤੇ ਭਾਣਜੇ ਖ਼ਿਲਾਫ਼ ਮਾਮਲਾ ਕੀਤਾ ਗਿਆ ਦਰਜ
ਸਮਾਣਾ : ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ’ਚ ਜਾਇਦਾਦ ਦੇ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ’ਤੇ ਇੱਕ ਵਿਅਕਤੀ ਵੱਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲੈਣ ਦੇ ਮਾਮਲੇ ਵਿੱਚ ਪਾਤੜਾਂ ਪੁਲਿਸ ਨੇ ਮ੍ਰਿਤਕ ਦੇ ਭਰਾ, ਜੀਜੇ ਅਤੇ ਉਨ੍ਹਾਂ ਦੇ ਪੁੱਤਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮੁਲਜ਼ਮਾਂ ਵਿੱਚ ਮ੍ਰਿਤਕ ਦਾ ਭਰਾ ਸੁਖਦੇਵ ਸਿੰਘ, ਉਸ ਦਾ ਪੁੱਤਰ ਮਹਿੰਦਰ ਸਿੰਘ, ਜੀਜਾ ਸੁਰਜੀਤ ਸਿੰਘ ਉਸ ਦਾ ਪੁੱਤਰ ਵਾਸੀ ਪਾਤੜਾਂ ਸ਼ਾਮਲ ਹਨ। ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।
ਪਾਤੜਾਂ ਪੁਲਿਸ ਦੇ ਏ.ਐਸ.ਆਈ. ਬਲਜਿੰਦਰ ਕੁਮਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮ੍ਰਿਤਕ ਪਰਗਟ ਸਿੰਘ ਦੀ ਪਤਨੀ ਰਾਣੀ ਕੌਰ ਵੱਲੋਂ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਜੱਦੀ ਜ਼ਮੀਨ-ਜਾਇਦਾਦ ਨੂੰ ਲੈ ਕੇ ਉਸ ਦੇ ਪਤੀ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ 13 ਨਵੰਬਰ ਦੀ ਦੁਪਹਿਰ ਨੂੰ ਪਤੀ ਦਾ ਭਰਾ, ਉਸ ਦਾ ਪੁੱਤਰ, ਜੀਜਾ ਅਤੇ ਉਸ ਦਾ ਪੁੱਤਰ ਉਨ੍ਹਾਂ ਦੇ ਘਰ ਆਏ ਅਤੇ ਜ਼ਮੀਨ-ਜਾਇਦਾਦ ਦੇ ਮਾਮਲੇ ਵਿੱਚ ਲੜਨ ਲੱਗੇ। ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਜਾਇਦਾਦ ਦੇਣ ਤੋਂ ਜਵਾਬ ਦੇਣ ’ਤੇ ਗੁੱਸੇ ਵਿੱਚ ਆਏ ਉਸ ਦੇ ਪਤੀ ਨੇ ਜ਼ਹਿਰੀਲੀ ਦਵਾਈ ਪੀ ਲਈ। ਗੰਭੀਰ ਹਾਲਤ ਵਿੱਚ ਪਰਗਟ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਰੈਫ਼ਰ ਕਰਨ ’ਤੇ ਉਹ ਉਸ ਨੂੰ ਘਰ ਲੈ ਆਏ ਅਤੇ ਰਾਤ ਨੂੰ ਉਸਦੀ ਮੌਤ ਹੋ ਗਈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।