ਨਵੇਂ ਅਕਾਲੀ ਦਲ ਦੀ ਆਮਦ ਕਰ ਰਹੀ ਹੈ ਕਈ ਸਵਾਲ ਖੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਨ੍ਹਾਂ ਵਿਚੋਂ ਕਿਸੇ ਨੇ ਵੀ ਸ਼੍ਰੋਮਣੀ ਕਮੇਟੀ ਜਾਂ ਪਾਰਟੀ ਵਿਚ ਇਕ ਵੀ ਗ਼ਲਤ ਨੀਤੀ ਦੀ ਵਿਰੋਧਤਾ ਕਦੇ ਨਹੀਂ ਸੀ ਕੀਤੀ..........

Ranjit Singh Brahmpura And Rattan Singh Ajnala

ਤਰਨਤਾਰਨ : ਸਿੱਖਾਂ ਦੀ ਰਾਜਨੀਤਕ ਪਾਰਟੀਆਂ ਦੀ ਸੂਚੀ ਵਿਚ ਅੱਜ ਇਕ ਵਾਧਾ ਹੋਣ ਜਾ ਰਿਹਾ ਹੈ। ਬਾਗ਼ੀ ਅਕਾਲੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਇਕ ਹੋਰ ਅਕਾਲੀ ਦਲ ਦਾ ਗਠਨ ਕਰਨ ਜਾ ਰਹੇ ਹਨ। ਵੇਖਿਆ ਜਾਵੇ ਤਾਂ ਇਹ ਕੋਈ ਵਖਰੀ ਪਹਿਲ ਨਹੀਂ ਹੈ। ਸਮੇਂ-ਸਮੇਂ 'ਤੇ ਕਈ ਅਕਾਲੀ ਦਲ ਹੋਂਦ ਵਿਚ ਆਉਂਦੇ ਰਹੇ ਤੇ ਸਮਾਂ ਪਾ ਕੇ ਆਪ ਹੀ ਸਮੇਂ ਦੀ ਧੂੜ ਹੇਠ ਦਬ ਜਾਂਦੇ ਰਹੇ। 

ਪਿਛਲੇ ਕਰੀਬ 35 ਸਾਲ ਦੇ ਇਤਿਹਾਸ ਵਿਚ ਅਕਾਲੀ ਦਲ ਤਲਵੰਡੀ, ਅਕਾਲੀ ਦਲ ਬਰਨਾਲਾ, ਯੁਨਾਈਟਿਡ ਅਕਾਲੀ ਦਲ (ਜਿਸ ਦੀ ਅਗਵਾਈ ਬਾਬਾ ਜੋਗਿੰਦਰ ਸਿੰਘ ਕਰਦੇ ਰਹੇ), ਅਕਾਲੀ ਦਲ ਮਾਨ ਜੋ ਬਾਅਦ ਵਿਚ ਅਕਾਲੀ ਦਲਾਂ ਦੀ ਏਕਤਾ ਤੋਂ ਬਾਅਦ ਅਕਾਲੀ ਦਲ ਅੰਮ੍ਰਿਤਸਰ ਕਹਾਇਆ ਤੋ ਇਲਾਵਾ ਅਕਾਲੀ ਦਲ 1920, ਅਕਾਲੀ ਦਲ ਜਨਤਾ (ਝੀਡਾ ਗਰੁਪ) ਅਤੇ ਭਾਈ ਮੋਹਕਮ ਸਿੰਘ ਦਾ ਅਕਾਲੀ ਦਲ ਯੂਨਾਇਟਿਡ ਆਦਿ ਹਨ। ਇਨਾਂ ਵਿਚੋਂ ਸ਼ਾਇਦ ਹੀ ਕਿਸੇ ਅਕਾਲੀ ਦਲ ਕੋਲ ਅਪਣਾ ਸੰਵਿਧਾਨ, ਅਪਣੇ ਡੇਲੀਗੇਟ ਅਤੇ ਅੰਮ੍ਰਿਤਸਰ ਵਿਚ ਅਪਣਾ ਦਫ਼ਤਰ ਹੋਵੇ। 

ਅਜਿਹੀ ਹੀ ਹਾਲਤ ਵਿਚ ਨਵੇਂ ਅਕਾਲੀ ਦਲ ਦੀ ਆਮਦ ਕਈ ਸਵਾਲ ਖੜੇ ਕਰ ਰਹੀ ਹੈ। ਸਿੱਖਾਂ ਦੇ ਮਨਾਂ ਵਿਚ ਕਈ ਸਵਾਲ ਉਠ ਰਹੇ ਹਨ ਪਰ ਬਾਗ਼ੀ, ਟਕਸਾਲੀ ਅਤੇ ਨਵੇ ਅਕਾਲੀ ਦਲ ਦੇ ਸਿਰਜਕ ਇਨਾ ਸਵਾਲਾਂ ਦਾ ਜਵਾਬ ਦੇਣ ਤੋਂ ਕਤਰਾ ਰਹੇ ਨਜ਼ਰ ਆ ਰਹੇ ਹਨ। ਅਪਣੇ ਆਪ ਨੂੰ ਟਕਸਾਲੀ ਕਹਾਉਣ ਵਾਲੇ ਅਕਾਲੀ ਆਗੂ ਅਪਣੀ ਬਗ਼ਾਵਤ ਪਿਛੇ ਮੂਲ ਕਾਰਨ ਡੇਰਾ ਸਿਰਸਾ ਦੇ ਮੁਖੀ ਨੂੰ ਬਿਨਾ ਮੰਗੇ ਮਾਫ਼ੀ ਦੇਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਚ ਚੱਲੀ ਗੋਲੀ ਜਿਸ ਕਾਰਨ ਦੋ ਸਿੱਖ ਨੌਜਵਾਨ ਸ਼ਹੀਦ ਹੋਏ ਦਸ ਰਹੇ ਹਨ।

ਪਰ ਇਹ ਘਟਨਾਵਾਂ ਸਾਲ 2015 ਵਿਚ ਵਾਪਰੀਆਂ ਸਨ ਜਿਸ ਤੋਂ ਬਾਅਦ 2018 ਦੇ ਅਖੀਰ ਵਿਚ ਆ ਕੇ ਇਹ ਕਹਿਣਾ ਕਿ ਅਸੀ ਇਨ੍ਹਾਂ ਘਟਨਾਵਾਂ ਕਾਰਨ ਪਹਿਲੀ ਪਾਰਟੀ ਛੱਡ ਕੇ ਨਵੀਂ ਪਾਰਟੀ ਬਣਾਉਣ ਜਾ ਰਹੇ ਹਾਂ, ਸਮਝ ਤੋਂ ਪਰੇ ਹੈ। ਹੁਣ ਬਾਗ਼ੀ ਅਕਾਲੀਆਂ ਦਾ ਰੋਲ ਵੇਖਿਆ ਜਾਵੇ ਤਾਂ ਸ. ਰਣਜੀਤ ਸਿੰਘ ਬ੍ਰਹਮਪੁਰਾ ਦੇ ਨੇੜਲੇ ਰਿਸ਼ਤੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਅਲਵਿੰਦਰਪਾਲ ਸਿੰਘ ਪਖੋਕੇ, ਮੌਜੂਦਾ ਜਰਨਨ ਸਕਤੱਰ ਸ. ਗੁਰਬਚਨ ਸਿੰਘ ਕਰਮੂਵਾਲਾ ਨੇ ਉਸ ਵੇਲੇ ਦੇ ਹਾਊਸ ਅਤੇ ਉਸ ਤੋਂ ਬਾਅਦ ਜੁੜਨ ਵਾਲੇ ਜਰਨਲ ਹਾਊਸ ਵਿਚ ਕਦੇ ਵੀ ਡੇਰਾ ਮੁਖੀ ਨੂੰ ਮਾਫ਼ੀ ਦਾ ਵਿਰੋਧ ਕੀਤਾ?

ਇਕ ਹੋਰ ਟਕਸਾਲੀ ਅਕਾਲੀ ਜਥੇਦਾਰ ਸੇਵਾ ਸਿੰਘ ਸੇਖਵਾਂ ਅੱਜ ਵੀ ਕਮੇਟੀ ਦੇ ਮੈਂਬਰ ਹਨ। ਉਨ੍ਹਾਂ ਵੀ ਕਦੇ ਕਮੇਟੀ ਦੇ ਜਰਨਲ ਹਾਊਸ ਵਿਚ ਡੇਰਾ ਮੁਖੀ ਦੀ ਮਾਫ਼ੀ ਬਾਰੇ ਗੱਲ ਨਹੀਂ ਕੀਤੀ। ਅੱਜ ਜੋ ਲੋਕ ਬਹਿਬਲ ਕਲਾਂ ਅਤੇ ਬਰਗਾੜੀ ਮੋਰਚੇ ਦੀਆਂ ਮੰਗਾਂ ਦੀ ਹਮਾਇਤ ਦਾ ਦਮਗਜਾ ਮਾਰ ਰਹੇ ਹਨ ਉਨ੍ਹਾਂ ਕਦੇ ਵੀ ਤਿੰਨ ਸਾਲ ਤਕ ਇਨ੍ਹਾਂ ਮਾਮਲਿਆਂ 'ਤੇ ਅਵਾਜ਼ ਬੁਲੰਦ ਕਰਨੀ ਜਰੂਰੀ ਨਹੀ ਸਮਝੀ। ਅਜਿਹੇ ਹਲਾਤ ਵਿਚ ਨਵੇਂ ਅਕਾਲੀ ਦਲ ਤੋਂ ਕੋਈ ਆਸ ਕਰਨੀ ਮਾਰੂਥਲ ਵਿਚ ਪਾਣੀ ਲੱਭਣ ਦੇ ਬਰਾਬਰ ਹੈ।