ਕਿਸਾਨ ਅੰਦੋਲਨ ਕਾਰਨ ਰੋਜ਼ਾਨਾ ਹੋ ਰਿਹੈ 3,500 ਕਰੋੜ ਰੁਪਏ ਦਾ ਨੁਕਸਾਨ : ਐਸੋਚੇਮ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਅੰਦੋਲਨ ਕਾਰਨ ਰੋਜ਼ਾਨਾ ਹੋ ਰਿਹੈ 3,500 ਕਰੋੜ ਰੁਪਏ ਦਾ ਨੁਕਸਾਨ : ਐਸੋਚੇਮ

image

ਨਵੀਂ ਦਿੱਲੀ, 15 ਦਸੰਬਰ : ਉਦਯੋਗ ਮੰਡਲ ਐਸੋਚੇਮ ਨੇ ਮੰਗਲਵਾਰ ਨੂੰ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਕਾਰਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੀ ਅਰਥਵਿਵਸਥਾ ਨੂੰ 'ਵੱਡਾ ਨੁਕਸਾਨ' ਪਹੁੰਚ ਰਿਹਾ ਹੈ। ਇਸ ਦੇ ਮੱਦੇਨਜ਼ਰ ਐਸੋਚੇਮ ਨੇ ਕੇਂਦਰ ਅਤੇ ਕਿਸਾਨ ਸੰਗਠਨਾਂ ਨੂੰ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਜਾਰੀ ਖਿੱਚੋਤਾਣ ਜਲਦ ਖ਼ਤਮ ਕਰਨ ਦੀ ਬੇਨਤੀ ਕੀਤੀ ਹੈ। ਉਦਯੋਗ ਮੰਡਲ ਦੇ ਮੋਟੋ-ਮੋਟੇ ਅਨੁਮਾਨ ਮੁਤਾਬਕ, ਕਿਸਾਨਾਂ ਦੇ ਅੰਦੋਲਨ ਕਾਰਨ ਮੁੱਲ ਲੜੀ ਅਤੇ ਆਵਾਜਾਈ ਪ੍ਰਭਾਵਤ ਹੋਈ ਹੈ, ਜਿਸ ਨਾਲ ਰੋਜ਼ਾਨਾ 3,000-3,500 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਐਸੋਚੇਮ ਦੇ ਮੁਖੀ ਨਿਰੰਜਨ ਹੀਰਾਨੰਦਾਨੀ ਨੇ ਕਿਹਾ, ''ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੀ ਅਰਥਵਿਵਸਥਾ ਦਾ ਸਮੂਹਕ ਆਕਾਰ ਤਕਰੀਬਨ 18 ਲੱਖ ਕਰੋੜ ਰੁਪਏ ਹੈ। ਕਿਸਾਨਾਂ ਦੇ ਵਿਰੋਧ-ਪ੍ਰਦਰਸ਼ਨ, ਸੜਕ, ਟੋਲ ਪਲਾਜ਼ਾ ਅਤੇ ਰੇਲ ਸੇਵਾਵਾਂ
ਬੰਦ ਹੋਣ ਨਾਲ ਆਰਥਕ ਗਤੀਵਧੀਆਂ ਰੁਕ ਗਈਆਂ ਹਨ।'' ਇਸ ਤੋਂ ਪਹਿਲਾਂ ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਨੇ ਸੋਮਵਾਰ ਨੂੰ ਕਿਹਾ ਸੀ ਕਿ ਕਿਸਾਨ ਅੰਦੋਲਨ ਕਾਰਨ ਸਪਲਾਈ ਚੇਨ ਪ੍ਰਭਾਵਤ ਹੋਈ ਹੈ। ਆਉਣ ਵਾਲੇ ਦਿਨਾਂ 'ਚ ਅਰਥਵਿਵਸਥਾ 'ਤੇ ਇਸ ਦਾ ਅਸਰ ਦਿਸੇਗਾ। ਇਸ ਨਾਲ ਅਰਥਵਿਵਸਥਾ ਦੀ ਰੀਕਵਰੀ ਪ੍ਰਭਾਵਤ ਹੋ ਸਕਦੀ ਹੈ। ਹੀਰਾਨੰਦਾਨੀ ਨੇ ਕਿਹਾ ਕਿ ਕਪੜਾ, ਵਾਹਨ ਕਲ-ਪੁਰਜ਼ਾ, ਸਾਈਕਲ, ਖੇਡ ਦਾ ਸਾਮਾਨ ਵਰਗੇ ਉਦਯੋਗ ਕ੍ਰਿਸਮਸ ਤੋਂ ਪਹਿਲਾਂ ਅਪਣੇ ਬਰਾਮਦ ਆਰਡਰਾਂ ਨੂੰ ਪੂਰਾ ਨਹੀਂ ਕਰ ਸਕਣਗੇ, ਜਿਸ ਨਾਲ ਗਲੋਬਲ ਕੰਪਨੀਆਂ ਵਿਚਕਾਰ ਉਨ੍ਹਾਂ ਦਾ ਛਵੀ ਪ੍ਰਭਾਵਤ ਹੋਵੇਗੀ। (ਪੀਟੀਆਈ)