ਕਿਸਾਨ ਮਜ਼ਦੂਰ ਏਕਤਾ ਦੇ ਨਾਹਰਿਆਂ ਨਾਲ ਗੂੰਜਿਆ ਇਟਲੀ
ਕਿਸਾਨ ਮਜ਼ਦੂਰ ਏਕਤਾ ਦੇ ਨਾਹਰਿਆਂ ਨਾਲ ਗੂੰਜਿਆ ਇਟਲੀ
ਰੋਮ, ਇਟਲੀ, 15 ਦਸੰਬਰ (ਚੀਨੀਆ): ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਕਿਸਾਨ ਵਿਰੋਧੀ ਤਿੰਨ ਬਿਲਾਂ ਨੂੰ ਲੈ ਕੇ ਦੁਨੀਆਂ ਦੇ ਅਲੱਗ ਅਲੱਗ ਦੇਸ਼ਾਂ ਵਿਚ ਭਾਰੀ ਰੋਸ ਪ੍ਰਦਰਸ਼ਨ ਹੋ ਰਹੇ ਹਨ। ਸੰਯੁਕਤ ਰਾਸ਼ਟਰ ਦੇ ਦਫ਼ਤਰ ਅੱਗੇ ਧਰਨਾ ਲਾਉਣ ਤੋਂ ਬਾਅਦ ਇਟਲੀ ਦੇ ਕਿਸਾਨ ਸਮਰਥਕਾਂ ਵਲੋਂ ਕਸਬਾ ਲਵੀਨੀਓ ਵਿਖੇ ਇਕ ਕਾਰ ਰੈਲੀ ਕੀਤੀ ਗਈ। ਕੋਈ ਪੰਜਾਹ ਤੋਂ ਵੱਧ ਪਿੰਡਾਂ ਤੋਂ ਇਕੱਤਰ ਹੋਏ ਨੌਜਵਾਨਾਂ ਵਲੋਂ ਰੈਲੀ ਦੌਰਾਨ ਕਿਸਾਨ ਮਜ਼ਦੂਰ ਏਕਤਾ ਦੇ ਨਾਹਰੇ ਲਾਉਂਦਿਆਂ ਕੁੰਭਕਰਨ ਦੀ ਨੀਂਦ ਸੁੱਤੀ ਕੇਂਦਰ ਸਰਕਾਰ ਨੂੰ ਜਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ।
ਇਸ ਮੌਕੇ ਮੌਜੂਦ ਨੌਜਵਾਨਾਂ ਨੇ ਆਖਿਆ ਕਿ ਕੇਂਦਰ ਸਰਕਾਰ ਨੇ ਪੰਜਾਬ ਨਾਲ ਹਮੇਸ਼ਾ ਮਤਰੇਏ ਪੁੱਤ ਵਾਲਾ ਵਿਤਕਰਾ ਕੀਤਾ ਹੈ ਪਰ ਇਸ ਵਾਰ ਉਹ ਸਰਕਾਰ ਦੀ ਇਕ ਨਹੀਂ ਮੰਨਣਗੇ ਜਿੰਨੀ ਦੇਰ ਸਰਕਾਰ ਕਾਲੇ ਕਾਨੂੰਨ ਵਾਪਸ ਨਹੀ ਲੈਦੀ ਉਨੀ ਦੇਰ ਇਸੇ ਤਰ੍ਹਾਂ ਹੀ ਰੋਸ ਮੁਜ਼ਾਹਰੇ ਹੁੰਦੇ ਰਹਿਣਗੇ ਜੇਕਰ ਲੋੜ ਪਈ ਤਾਂ ਕਿਸਾਨ ਭਰਾਵਾਂ ਦਾ ਸਾਥ ਦੇਣ ਲਈ ਭਾਰਤ ਵਲ ਵੀ ਕੂਚ ਕਰਨਗੇ। ਦਸਣਯੋਗ ਹੈ ਕਿ ਇਟਲੀ ਵਿਚ ਮਾਨਤੋਵਾ, ਵਿਰੋਨਾ, ਲਵੀਨੀਓ ਤੋਂ ਇਲਾਵਾ ਮਿਲਾਨ ਅੰਬੈਸੀ ਦੇ ਦਫ਼ਤਰ ਮੂਹਰੇ ਵੀ ਵੱਡੇ ਰੋਸ ਮੁਜ਼ਾਹਰੇ ਹੋ ਚੁੱਕੇ ਹਨ ਤੇ ਮੋਦੀ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਤੋਂ ਲੋਕ ਖਫ਼ਾ ਹੋਏ ਨਜ਼ਰ ਆ ਰਹੇ ਹਨ।