ਪੰਜਾਬ 'ਚ ਬਿਜਲੀ ਦੀ ਖਪਤ 5600 ਮੈਗਾਵਾਟ ਤਕ ਪਹੁੰਚੀ, ਹੁਣ ਸਰਦੀ ਵਧਣ ਕਾਰਨ ਵਧੀ ਹੈ ਮੰਗ
ਪੰਜਾਬ 'ਚ ਬਿਜਲੀ ਦੀ ਖਪਤ 5600 ਮੈਗਾਵਾਟ ਤਕ ਪਹੁੰਚੀ, ਹੁਣ ਸਰਦੀ ਵਧਣ ਕਾਰਨ ਵਧੀ ਹੈ ਮੰਗ
ਕਿਸਾਨਾਂ ਨੇ ਬਿਜਲੀ ਨਿਗਮ ਤੋਂ ਦਿਨ ਵੇਲੇ ਖੇਤੀ ਲਈ ਮੰਗੀ ਬਿਜਲੀ
ਪਟਿਆਲਾ, 15 ਦਸੰਬਰ (ਜਸਪਾਲ ਸਿੰਘ ਢਿੱਲੋਂ): ਇਸ ਵੇਲੇ ਮੌਸਮ ਕਾਫੀ ਠੰਢਾ ਹੋ ਚੁੱਕਾ ਹੈ ਕਿਉਂ ਕਿ ਅੱਜ ਸੱਭ ਤੋਂ ਠੰਢਾ ਮਹੀਨਾ ਪੋਹ ਚੜ ਗਿਆ ਹੈ। ਇਸ ਨਾਲ ਬਿਜਲੀ ਦੀ ਖਪਤ ਵਧ ਗਈ ਹੈ। ਬਿਜਲੀ ਨਿਗਮ ਦੇ ਅੰਕੜੇ ਮੁਤਾਬਕ ਇਸ ਵੇਲੇ ਬਿਜਲੀ ਦੀ ਖਪਤ 5656 ਮੈਗਾਵਾਟ ਤਕ ਪਹੁੰਚ ਗਈ ਹੈ। ਇਸ ਬਿਜਲੀ ਦੀ ਖਪਤ ਦੇ ਟਾਕਰੇ ਲਈ ਬਿਜਲੀ ਨਿਗਮ ਨੇ ਨਿਜੀ ਖੇਤਰ ਦੇ ਤਾਪ ਬਿਜਲੀ ਘਰਾਂ ਨੂੰ ਚਲਾ ਕੇ ਬਿਜਲੀ ਦੀ ਖ੍ਰੀਦ ਕੀਤੀ ਜਾ ਰਹੀ ਹੈ।
ਇਸ ਬਿਜਲੀ ਦੀ ਖਪਤ ਨੂੰ ਪੂਰਾ ਕਰਨ ਲਈ ਪਣ ਬਿਜਲੀ ਘਰਾਂ ਤੋਂ 403 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਇਸ ਵਿਚ ਅਪਰਬਾਰੀ ਦੁਆਬ ਕੈਨਾਨ ਪਣ ਬਿਜਲੀ ਘਰ ਤੋਂ 46 ਮੈਗਾਵਾਟ , ਰਣਜੀਤ ਸਾਗਰ ਡੈਮ ਤੋਂ 124 ਮੈਗਾਵਾਟ, ਮੁਕੇਰੀਆਂ ਪਣ ਬਿਜਲੀ ਘਰਾਂ ਤੋਂ 181 ਮੈਗਾਵਾਟ, ਆਨੰਦਪੁਰ ਸਾਹਿਬ ਪਣ ਬਿਜਲੀ ਘਰ ਤੋਂ 39 ਮੈਗਾਵਾਟ ਅਤੇ ਸ਼ਾਨਨ ਪਣ ਬਿਜਲੀ ਘਰ ਤੋਂ 13 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ।
ਨਿਜੀ ਖੇਤਰ ਦੇ ਤਾਪ ਬਿਜਲੀ ਘਰਾਂ ਤੋਂ 1609 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ, ਇਸ ਵਿਚ ਰਾਜਪੁਰਾ ਦੇ ਨਲਾਸ ਨਿਜੀ ਤਾਪ ਬਿਜਲੀ ਘਰ ਦੇ ਦੋ ਯੂਨਿਟਾਂ ਤੋਂ 1226 ਮੈਗਾਵਾਟ ਅਤੇ ਤਲਵੰਡੀ ਸਾਬੋ ਤਾਪ ਬਿਜਲੀ ਘਰ ਤੋਂ 463 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਇਸ ਦੇ ਨਾਲ ਹੀ ਹੈ ਨਵਿਆਉਣਯੋਗ ਸਰੋਤਾਂ ਤੋਂ 110 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ ਜਿਸ ਵਿਚ ਸੌਰ ਊਰਜਾ ਦੇ ਪ੍ਰਾਜੈਕਟਾਂ ਤੋਂ 21 ਮੈਗਾਵਾਟ ਅਤੇ ਗ਼ੈਰ ਸੌਰ ਊਰਜਾ ਦੇ ਪ੍ਰਾਜੈਕਟਾਂ ਤੋਂ 87 ਮੈਗਾਵਾਟ ਬਿਜਲੀ ਦੀ ਪ੍ਰਾਪਤੀ ਹੋ ਰਹੀ ਹੈ। ਗੌਰਤਲਬ ਹੈ ਕਿ ਇਸ ਵੇਲੇ ਬਿਜਲੀ ਨਿਗਮ ਵਾਧੂ ਬਿਜਲੀ 3508 ਮੈਗਾਵਾਟ ਪ੍ਰਾਪਤ ਕੀਤੀ ਜਾ ਰਹੀ ਹੈ।
ਕਿਸਾਨਾਂ ਨੂੰ ਖੇਤੀ ਲਈ ਦਿਨੇ ਬਿਜਲੀ ਦਿਤੀ ਜਾਵੇ: ਉਧਰ ਕਿਸਾਨਾਂ ਨੇ ਬਿਜਲੀ ਨਿਗਮ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਖੇਤੀ ਲਈ ਦਿਨੇ ਬਿਜਲੀ ਦਿਤੀ ਜਾਵੇ, ਇਸ ਵੇਲੇ ਇਕ ਪਾਸੇ ਕਿਸਾਨ ਦਿੱਲੀ ਮੋਰਚੇ ਤੇ ਗਏ ਹੋਏ ਹਨ, ਉਸ ਵੇਲੇ ਕਿਸਾਨਾਂ ਨੂੰ ਰਾਤ ਮੌਕੇ ਫ਼ਸਲਾਂ ਨੂੰ ਪਾਣੀ ਲਾਉਣ 'ਚ ਦਿੱਕਤ ਆ ਰਹੀ ਹੈ। ਇਸ ਸਬੰਧੀ ਅਗਾਂਹਵਧੂ ਕਿਸਾਨ ਰਾਜਮੋਹਨ ਸਿੰਘ ਕਾਲੇਕਾ ਨੇ ਆਖਿਆ ਕਿ ਕਿਸਾਨਾਂ ਦੀ ਇਹ ਮੰਗ ਜਾਇਜ਼ ਹੈ ਤੇ ਬਿਜਲੀ ਨਿਗਮ ਬਿਜਲੀ ਦਿਨ ਵੇਲੇ ਦੇਣੀ ਚਾਹੀਦੀ ਹੈ ਤਾਂ ਜੋ ਉਹ ਸਮੇਂ ਸਿਰ ਅਪਣੇ ਖੇਤਾਂ ਨੂੰ ਪਾਣੀ ਲਾ ਸਕਣ।.