ਟਰਾਂਸਪੋਰਟ ਮੰਤਰੀ ਦੇ ਭਰੋਸੇ ਬਾਅਦ ਪਨਬਸ ਤੇ ਪੀਆਰਟੀਸੀ ਕਾਮਿਆਂ ਨੇ ਮੁਲਤਵੀ ਕੀਤੀ ਹੜਤਾਲ
ਅੱਜ ਤੋਂ ਮੁੜ ਸਰਕਾਰੀ ਬਸਾਂ ਦੀ ਆਵਾਜਾਈ ਹੋਵੇਗੀ ਬਹਾਲ
ਚੰਡੀਗੜ੍ਹ (ਭੁੱਲਰ) : ਪੰਜਾਬ ਰੋਡਵੇਜ ਪਨਬਸ ਤੇ ਪੀ ਆਰ ਟੀ ਸੀ ਦੇ ਕੱਚੇ ਕਾਮਿਆਂ ਵਲੋਂ 9 ਦਿਨ ਤੋਂ ਕੀਤੀ ਜਾ ਰਹੀ ਹੜਤਾਲ ਮੁਲਤਵੀ ਕਰ ਦਿਤੀ ਗਈ ਹੈ। ਅੱਜ ਪੰਜਾਬ ਭਰ ਦੇ ਰੋਡਵੇਜ ਕਾਮਿਆਂ ਨੇ ਮੁੱਖ ਮੰਤਰੀ ਦੀ ਕੋਠੀ ਵਲ ਕੂਚ ਕਰਦਿਆਂ ਮੁੱਖ ਮਾਰਗ ਜਾਮ ਕਰ ਦਿਤ ਸੀ।
ਇਸ ਤੋਂ ਬਾਅਦ ਅੱਜ ਹੜਤਾਲੀ ਕਾਮਿਆਂ ਦੇ ਆਗੂਆਂ ਨੂੰ ਚੰਡੀਗੜ੍ਹ ਟਰਾਂਸਪੋਰਟ ਮੰਤਰੀ ਰਾਜ ਵੜਿੰਗ ਵਲੋਂ ਗਲਬਾਤ ਲਈ ਬੁਲਾਇਆ ਗਿਆ ਸੀ। ਇਸ ਗੱਲਬਾਤ ’ਚ ਮੰਤਰੀ ਨੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੇ ਮਾਮਲੇ ਦਾ ਛੇਤੀ ਹਲ ਕਰਨ ਤੋਂ ਇਲਾਵਾ ਨਵੀਆਂ 842 ਬਸਾਂ ਪਾਉਣ ਤੇ ਬਾਕੀ ਰਹਿੰਦੇ ਕੱਚੇ ਸਟਾਫ਼ ਦੀਆਂ ਤਨਖ਼ਾਹਾਂ ’ਚ ਵਾਧੇ ਦੀ ਮੰਗ ਲਾਗੂ ਕਰਨ ਦਾ ਵੀ ਭਰੋਸਾ ਦਿਤਾ।
ਮੰਤਰੀ ਨਾਲ ਮੀਟਿੰਗ ਬਾਅਦ ਯੂਨੀਅਨ ਆਗੂਆਂ ਨੇ ਮਿਲੇ ਭਰੋਸੇ ਨੂੰ ਦੇਖਦੇ ਹੋਏ ਹੜਤਾਲ ਮੁਲਤਵੀ ਕਰ ਕੇ 16 ਦਸੰਬਰ ਤੋਂ ਬਸਾਂ ਦੀ ਆਵਾਜਾਈ ਬਹਾਲ ਕਰ ਕੇ ਡਿਊਟੀਆਂ ਉਪਰ ਪਰਤਣ ਦਾ ਫ਼ੈਸਲਾ ਲਿਆ ਹੈ। ਯੂਨੀਅਨ ਆਗੂ ਜਲੌਰ ਸਿੰਘ ਨੇ ਕਿਹਾ ਕਿ ਕੁੱਝ ਦਿਨਾਂ ’ਚ ਮੰਗਾਂ ਲਾਗੂ ਨ ਹੋਈਆਂ ਤਾਂ ਉਹ ਮੁੜ ਅੰਦੋਲਨ ਲਈ ਮਜਬੂਰ ਹੋਣਗੇ।