ਬਿਰਧ ਜੋੜੇ ਨੂੰ ਘਰੋਂ ਬਾਹਰ ਕੱਢ ਕੇ ਨੂੰਹ ਨੇ ਮਕਾਨ ’ਤੇ ਕੀਤਾ ਕਬਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੱਸ-ਸਹੁਰਾ ਕੜਾਕੇ ਦੀ ਠੰਢ ’ਚ ਗਲੀ ਵਿਚ ਰਾਤਾਂ ਕੱਟਣ ਲਈ ਹੋਏ ਮਜਬੂਰ

Photo

 

ਕੋਟਕਪੂਰਾ (ਗੁਰਿੰਦਰ ਸਿੰਘ) : ਕੜਾਕੇ ਦੀ ਠੰਢ ’ਚ ਬੈਠਾ ਬਿਰਧ ਜੋੜਾ ਆਪਣੇ ਉਨ੍ਹਾਂ ਦਿਨਾਂ ਨੂੰ ਯਾਦ ਕਰਕੇ ਪਛਤਾਵਾ ਕਰ ਰਿਹਾ ਹੈ, ਜਦੋਂ ਉਨ੍ਹਾਂ ਨੇ ਆਪਣੇ ਨੌਜਵਾਨ ਪੁੱਤ ਦਾ ਵਿਆਹ ਕੀਤਾ ਸੀ। ਡਾਕ ਵਿਭਾਗ ’ਚ ਲੰਮਾਂ ਸਮਾਂ ਨੌਕਰੀ ਕਰਨ ਵਾਲੇ ਰਾਜੇਸ਼ ਕੁਮਾਰ ਨੂੰ ਨਹੀਂ ਪਤਾ ਸੀ ਕਿ ਬੁਢਾਪੇ ’ਚ ਉਸ ਨਾਲ ਅਜਿਹਾ ਹੋਵੇਗਾ।

 

 

ਚਾਵਾਂ ਨਾਲ ਜਿਸ ਪੁੱਤ ਨੂੰ ਪਾਲ-ਪੋਸ ਕੇ ਕਾਬਲ ਬਣਾਇਆ, ਉਸਦੀ ਪਤਨੀ ਨੇ ਆਖਿਰ ਇੱਕ ਦਿਨ ਉਨ੍ਹਾਂ ਨੂੰ ਆਪਣੇ ਹੀ ਘਰੋਂ ਕੱਢ ਕੇ ਘਰ ’ਤੇ ਕਬਜ਼ਾ ਕਰ ਲਿਆ। ਹੁਣ ਉਨ੍ਹਾਂ ਨੂੰ ਆਪਣਾ ਰੈਣ-ਬਸੇਰਾ ਗਲੀ ’ਚ ਹੀ ਕਰਨਾ ਪੈ ਰਿਹਾ ਹੈ। ਇਸ ਪੱਤਰਕਾਰ ਨੇ ਮੌਕੇ ’ਤੇ ਪਹੁੰਚ ਕੇ ਇਸ ਜੋੜੇ ਦੀ ਦਰਦ ਭਰੀ ਕਹਾਣੀ ਸੁਣੀ ਤਾਂ ਗੱਚ ਭਰ ਆਇਆ ਕਿ ਪਰਿਵਾਰਾਂ ਦੀਆਂ ਰੌਣਕਾਂ ਹੁੰਦੇ ‘ਬਾਗਵਾਨ’ ਹੁਣ ਗਲੀ ’ਚ ਰੁਲ ਰਹੇ ਹਨ।

 

ਰਾਜੇਸ਼ ਕੁਮਾਰ ਤੇ ਉਸਦੀ ਪਤਨੀ ਸੁਸ਼ੀਲਾ ਵਾਸੀ ਜਲਾਲੇਆਣਾ ਰੋਡ ਕੋਟਕਪੂਰਾ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਨੇ ਉਨ੍ਹਾਂ ਵਿਰੁੱਧ ਦਾਜ ਮੰਗਣ ਦਾ ਪਰਚਾ ਦਰਜ ਕਰਵਾਇਆ, ਅਦਾਲਤ ਨੇ ਉਨ੍ਹਾਂ ਨੂੰ ਇਸ ਕੇਸ ’ਚ ਜਮਾਨਤ ਦਿੱਤੀ ਹੈ। ਕੁਝ ਦਿਨ ਪਹਿਲਾਂ ਉਹ ਪੁੱਤ ਨੂੰ ਮਿਲਣ ਗਏ ਜੋ ਘਰੋਂ ਕੰਮਕਾਜ ਲਈ ਬਾਹਰਲੇ ਸ਼ਹਿਰ ਰਹਿੰਦਾ ਹੈ।

 

 

ਪਿੱਛੋਂ ਨੂੰਹ ਨੇ ਘਰ ਦਾ ਜਿੰਦਾ ਤੋੜ ਕੇ ਕਬਜ਼ਾ ਕਰ ਲਿਆ ਹੈ। ਹੁਣ ਇਹ ਪਿਛਲੇ ਚਾਰ ਦਿਨਾਂ ਤੋਂ ਗਲੀ ’ਚ ਠੰਢ ’ਚ ਆਪਣਾ ਸਮਾਂ ਟਪਾ ਰਹੇ ਹਨ। ਆਂਢ-ਗੁਆਂਢ ਦੇ ਲੋਕ ਇਨ੍ਹਾਂ ਨੂੰ ਦੋ ਵਕਤ ਦੀ ਰੋਟੀ ਤੇ ਠੰਢ ਤੋਂ ਬਚਣ ਲਈ ਕੱਪੜੇ ਦੇ ਗਏ। ਜਦੋਂ ਪੁਲਿਸ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਦੀ ਨੂੰਹ ਨੇ ਦਰਵਾਜਾ ਨਹੀਂ ਖੋਲ੍ਹਿਆ ਤੇ ਅੰਦਰੋਂ ਖੁਦਕੁਸ਼ੀ ਕਰਨ ਦੀ ਧਮਕੀ ਦੇਣ ’ਤੇ ਪੁਲਿਸ ਵਾਪਸ ਪਰਤ ਗਈ।