ਪੰਜਾਬ 'ਚ 2 ਘੰਟੇ ਰਿਹਾ ਸਰਕਾਰੀ ਬੱਸਾਂ ਦਾ ਚੱਕਾ ਜਾਮ, ਮੰਗਾਂ ਨੂੰ ਲੈ ਕੇ ਮੁਲਾਜ਼ਮਾਂ 'ਚ ਭਾਰੀ ਰੋਸ 

ਏਜੰਸੀ

ਖ਼ਬਰਾਂ, ਪੰਜਾਬ

ਜੇਕਰ ਟਰਾਂਸਪੋਰਟ ਵਿਭਾਗ ਅਤੇ ਪੰਜਾਬ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਾ ਦਿੱਤਾ ਤਾਂ ਉਹ ਆਪਣਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣਗੇ ਤੇ ਅੱਗੇ ਵੀ ਚੱਕੇ ਜਾਮ ਕਰਨਗੇ। 

Government buses jammed for 2 hours in Punjab, huge protest among employees regarding the demands

 

ਲੁਧਿਆਣਾ  : ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਬੱਸ ਅੱਡੇ 'ਤੇ 2 ਘੰਟੇ ਬੱਸਾਂ ਦਾ ਚੱਕਾ ਜਾਮ ਰੱਖਿਆ। ਇਸ ਦੌਰਾਨ ਕਿਸੇ ਵੀ ਬੱਸ ਨੂੰ ਅੰਦਰ ਜਾਣ ਜਾਂ ਬਾਹਰ ਆਉਣ ਦੀ ਮਨਜ਼ੂਰੀ ਨਹੀਂ ਸੀ। ਯੂਨੀਅਨ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਉਨ੍ਹਾਂ ਦੀਆਂ ਲਟਕਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ, ਜਿਸ ਕਾਰਨ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹਨ। ਡਿਪੂ ਪ੍ਰਧਾਨਾਂ ਦਾ ਕਹਿਣਾ ਹੈ ਕਿ ਟਰਾਂਸਪੋਰਟ ਵਿਭਾਗ ਅਤੇ ਟਰਾਂਸਪੋਰਟ ਮੰਤਰੀ ਨਾਲ ਹੋਈਆਂ ਮੀਟਿੰਗਾਂ 'ਚ ਅਹਿਮ ਮੁੱਦੇ ਵਿਚਾਰੇ ਗਏ ਸਨ ਪਰ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ।

ਇਸ ਕਾਰਨ ਮੁਲਾਜ਼ਮਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਕੀਤੀਆਂ ਗਈਆਂ ਨਾਜਾਇਜ਼ ਰਿਪੋਰਟਾਂ ਨੂੰ ਜਲਦੀ ਬੰਦ ਕਰਕੇ ਉਨ੍ਹਾਂ ਦੀ ਬਹਾਲੀ ਤੁਰੰਤ ਕੀਤੀ ਜਾਵੇ। ਉਕਤ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਬਿਨ੍ਹਾਂ ਟ੍ਰੇਨਿੰਗ ਦੇ ਡਰਾਈਵਰਾਂ ਦੀ ਭਰਤੀ ਨਾਜਾਇਜ਼ ਹੈ, ਜਿਸ ਨੂੰ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। 2 ਘੰਟੇ ਚੱਲੀ ਇਸ ਹੜਤਾਲ ਕਾਰਨ ਸਵਾਰੀਆਂ ਬਹੁਤ ਖੱਜਲ ਹੋਈਆਂ ਕਿਉਂਕਿ ਬੱਸ ਅੱਡੇ ਤੋਂ ਸਰਕਾਰੀ ਬੱਸਾਂ ਦਾ ਜਾਮ ਲੱਗ ਗਿਆ ਸੀ ਅਤੇ ਬੱਸ ਸਟੈਂਡ ਦੇ ਕਾਊਂਟਰਾਂ ’ਤੇ ਕੋਈ ਵੀ ਬੱਸ ਨਹੀਂ ਖੜ੍ਹੀ ਸੀ।

ਇਸ ਦਾ ਫ਼ਾਇਦਾ ਪ੍ਰਾਈਵੇਟ ਟਰਾਂਸਪੋਰਟ ਚਾਲਕਾਂ ਨੇ ਚੁੱਕਿਆ ਕਿਉਂਕਿ ਉਨ੍ਹਾਂ ਨੇ ਬੱਸ ਅੱਡੇ ਦੇ ਬਾਹਰ ਆਪਣੀਆਂ ਬੱਸਾਂ ਖੜ੍ਹੀਆਂ ਕਰ ਕੇ ਸਵਾਰੀਆਂ ਭਰ ਦਿੱਤੀਆਂ ਅਤੇ ਟ੍ਰੈਫਿਕ ਜਾਮ ਵਰਗਾ ਮਾਹੌਲ ਪੈਦਾ ਕਰ ਦਿੱਤਾ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਟਰਾਂਸਪੋਰਟ ਵਿਭਾਗ ਅਤੇ ਪੰਜਾਬ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਾ ਦਿੱਤਾ ਤਾਂ ਉਹ ਆਪਣਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣਗੇ ਤੇ ਅੱਗੇ ਵੀ ਚੱਕੇ ਜਾਮ ਕਰਨਗੇ।