Ludhiana News: ਲੁਧਿਆਣਾ 'ਚ ਸੱਤ ਸਾਲਾਂ ਬੱਚੀ ਦੀ ਬੱਸ ਹੇਠਾਂ ਆਉਣ ਕਾਰਨ ਮੌਤ, ਸਕੂਲ ਅੰਦਰ ਹੋਇਆ ਵੱਡਾ ਹੰਗਾਮਾ
ਪੁਲਿਸ ਮੁਤਾਬਕ ਮਾਮਲੇ ਦੀ ਪੂਰੀ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਕਿ ਹਾਦਸਾ ਕਿਵੇਂ ਵਾਪਰਿਆ।
ਲੁਧਿਆਣਾ ਸਥਿਤ ਬੀਸੀਐਮ ਸਕੂਲ ਵਿਚ ਅੱਜ ਭਾਰੀ ਹੰਗਾਮਾ ਹੋਇਆ। ਸਕੂਲ ਅੰਦਰ ਇਕ ਬੱਸ ਦੂਜੀ ਜਮਾਤ ਦੀ ਵਿਦਿਆਰਥਣ ਉੱਪਰ ਚੜ੍ਹ ਗਈ। ਲੜਕੀ ਕਿਵੇਂ ਬੱਸ ਹੇਠਾਂ ਆਈ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆਏ ਕਈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆਏ ਤਾਂ ਦੇਖਿਆ ਕਿ ਇਕ ਲੜਕੀ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਜਾ ਰਿਹਾ ਸੀ।
ਲੜਕੀ ਦੀਆਂ ਅੱਖਾਂ ਬਾਹਰ ਸਨ ਅਤੇ ਉਸ ਦੇ ਚਿਹਰੇ 'ਤੇ ਬੱਸ ਦੇ ਟਾਇਰ ਦੇ ਨਿਸ਼ਾਨ ਸਨ। ਲੋਕਾਂ ਮੁਤਾਬਕ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਨੂੰ ਫੋਰਟਿਸ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਅਮਾਇਰਾ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ। ਜਾਣਕਾਰੀ ਦਿੰਦੇ ਹੋਏ ਅਮਿਤ ਵਿੱਜ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆਇਆ ਤਾਂ ਦੇਖਿਆ ਕਿ ਸਕੂਲ ਪ੍ਰਸ਼ਾਸਨ ਇਕ ਜ਼ਖ਼ਮੀ ਬੱਚੀ ਨੂੰ ਸਕੂਲ ਵੈਨ 'ਚ ਹਸਪਤਾਲ ਲਿਜਾ ਰਿਹਾ ਸੀ। ਉਸ ਵੇਲੇ ਬਾਕੀ ਲੋਕਾਂ ਤੋਂ ਸੁਣਨ ਨੂੰ ਮਿਲਿਆ ਕਿ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਲੜਕੀ ਦਾ ਨਾਂ ਅਮਾਇਰਾ ਹੈ।
ਲੜਕੀ ਦੀ ਰਿਸ਼ਤੇਦਾਰ ਸ਼ਾਂਤੀ ਨੇ ਸਵੇਰੇ ਦੱਸਿਆ ਕਿ ਅਮਾਇਰਾ ਦੇ ਪਿਤਾ ਅਨੁਰਾਗ ਆਰਐਂਡਡੀ ਸਕੂਲ ਦੇ ਪ੍ਰਿੰਸੀਪਲ ਹਨ। ਉਸ ਨੇ ਜਾ ਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਹੁਣ ਸਕੂਲ ਪ੍ਰਸ਼ਾਸਨ ਗੇਟ ਨਹੀਂ ਖੋਲ੍ਹ ਰਿਹਾ। ਪਰਿਵਾਰਕ ਮੈਂਬਰਾਂ ਵਿੱਚ ਸਕੂਲ ਪ੍ਰਸ਼ਾਸਨ ਖ਼ਿਲਾਫ਼ ਗੁੱਸਾ ਹੈ। ਥਾਣਾ ਡਿਵੀਜ਼ਨ ਨੰਬਰ 7 ਦੇ ਐਸਐਚਓ ਭੁਪਿੰਦਰ ਸਿੰਘ ਘਟਨਾ ਵਾਲੀ ਥਾਂ ’ਤੇ ਪਹੁੰਚ ਗਏ ਹਨ। ਪੁਲਿਸ ਮੁਤਾਬਕ ਮਾਮਲੇ ਦੀ ਪੂਰੀ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਕਿ ਹਾਦਸਾ ਕਿਵੇਂ ਵਾਪਰਿਆ।