Punjab News: AGTF ਨੇ ਹਾਸਲ ਕੀਤੀ ਵੱਡੀ ਸਫ਼ਲਤਾ, ਗੈਂਗਸਟਰ ਅਰਸ਼ ਡੱਲਾ ਦੇ 4 ਗੁਰਗੇ ਕੀਤੇ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

Punjab News: ਬਦਮਾਸ਼ਾਂ ਕੋਲੋਂ ਹਥਿਆਰ ਵੀ ਕੀਤੇ ਗਏ ਬਰਾਮਦ

AGTF achieved great success, arrested 4 gangsters of gangster Arsh Dalla

 

Punjab News: ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF)​ਨੇ ਨਵਾਂਸ਼ਹਿਰ ਪੁਲਿਸ ਨਾਲ ਮਿਲ ਕੇ ਅਤਿਵਾਦੀ ਅਰਸ਼ ਡੱਲਾ ਦੇ ਚਾਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਪੁਲਿਸ ਨੇ ਤਿੰਨ ਨਾਜਾਇਜ਼ ਹਥਿਆਰ ਅਤੇ 16 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਜਲਦ ਹੀ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਲਵੇਗੀ। ਇਸ ਸਬੰਧੀ ਜਾਣਕਾਰੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦਿਤੀ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਨੇ ਨਵਾਂਸ਼ਹਿਰ ਪੁਲਿਸ ਨਾਲ ਸਾਂਝਾ ਆਪ੍ਰੇਸ਼ਨ ਕਰ ਕੇ ਕੈਨੇਡਾ ਸਥਿਤ ਅਤਿਵਾਦੀ ਅਰਸ਼ ਡੱਲਾ ਦੇ ਚਾਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 

ਇਹ ਬਦਮਾਸ਼ ਅਮਰੀਕਾ ਦੇ ਇੱਕ ਹੈਂਡਲਰ ਦੇ ਨਿਰਦੇਸ਼ਾਂ 'ਤੇ ਕੰਮ ਕਰਦੇ ਆ ਰਹੇ ਸਨ। ਪਿੱਛੇ ਜਿਹੇ ਇਨ੍ਹਾਂ ਨੇ ਮੁਹਾਲੀ ਦੀ ਇੱਕ ਐਕਸੈਸਰੀਜ਼ ਸ਼ੋਅਰੂਮ ’ਤੇ ਗੋਲੀਬਾਰੀ ਵੀ ਕੀਤੀ ਸੀ।

ਇਹ ਅਰਸ਼ ਡੱਲਾ ਗੈਂਗ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ ਅਤੇ ਹੁਣ ਪੰਜਾਬ ਵਿਚ ਹੋਰ ਅਪਰਾਧ ਕਰਨ ਦੀ ਯੋਜਨਾ ਬਣਾ ਰਹੇ ਸਨ। ਸਾਰੇ ਮੁਲਜ਼ਮ ਪਹਿਲਾਂ ਤੋਂ ਹੀ ਅਪਰਾਧ ਦੀ ਦੁਨੀਆਂ ਨਾਲ ਜੁੜੇ ਹੋਏ ਹਨ।

ਫ਼ਿਲਹਾਲ ਪੁਲਿਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਵਿਚ ਵਰਤੇ ਹਥਿਆਰ ਬਰਾਮਦ ਕਰ ਲਏ ਹਨ ਜਿਸ ਵਿਚ 16 ਜ਼ਿੰਦਾ ਕਾਰਤੂਸ ਅਤੇ ਤਿੰਨ .32 ਕੈਲੀਬਰ ਦੇ ਪਿਸਤੌਲ ਸ਼ਾਮਲ ਹਨ।

ਮੁਹਾਲੀ ਦੀ ਸਟੇਟ ਕ੍ਰਾਈਮ ਯੂਨਿਟ ਵਿਚ  ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ।  ਇਸ ਗਰੋਹ ਦੇ ਹੋਰ ਮੈਂਬਰਾਂ ਨੂੰ ਲੱਭਣ ਲਈ ਪੁਲਿਸ ਵਲੋਂ ਉਨ੍ਹਾਂ ਕੋਲੋਂ ਪੁੱਛ-ਗਿੱਛ ਕਰ ਰਹੀ ਹੈ।