Kabaddi player ਰਾਣਾ ਬਲਾਚੌਰੀਆ ਦਾ ਹਿਮਾਚਲ ਪ੍ਰਦੇਸ਼ ਦੇ ਸ਼ਾਹੀ ਪਰਿਵਾਰ ਨਾਲ ਸੀ ਸਬੰਧ
11 ਦਿਨ ਪਹਿਲਾਂ ਹੋਇਆ ਸੀ ਰਾਣਾ ਬਲਾਚੌਰੀਆ ਦਾ ਹਿਮਾਚਲ ਦੀ ਲੜਕੀ ਨਾਲ ਪ੍ਰੇਮ ਵਿਆਹ
ਮੋਹਾਲੀ : ਮੋਹਾਲੀ ਵਿੱਚ ਕਬੱਡੀ ਕੱਪ ਦੌਰਾਨ ਹੋਈ ਗੋਲੀਬਾਰੀ ਵਿੱਚ ਮਾਰੇ ਗਏ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਦਾ ਹਿਮਾਚਲ ਦੇ ਸ਼ਾਹੀ ਪਰਿਵਾਰ ਨਾਲ ਸਬੰਧ ਸੀ। ਉਨ੍ਹਾਂ ਦੇ ਪੜਦਾਦਾ ਊਨਾ ਦੇ ਨੇੜੇ ਸਥਿਤ ਇੱਕ ਰਿਆਸਤ ਦੇ ਰਾਜੇ ਸਨ।
ਪਰਿਵਾਰ ਦੇ ਨਜ਼ਦੀਕੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਦੇ ਪੁਰਖਿਆਂ ਦੇ ਘਰ ਵਿੱਚ ਠਹਿਰੇ ਸਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਦੇ ਘਰ ਵਿੱਚ 100 ਸਾਖੀਆਂ ਲਿਖੀਆਂ ਸਨ।
ਕੰਵਰ ਦਿਗਵਿਜੈ ਸਿੰਘ ਨੇ ਪਹਿਲਾਂ ਕੁਸ਼ਤੀ ਖੇਡੀ ਅਤੇ ਬਾਅਦ ਵਿੱਚ ਕਬੱਡੀ ਖਿਡਾਰੀ ਬਣੇ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਕਬੱਡੀ ਟੀਮ ਬਣਾਈ ਅਤੇ ਪ੍ਰਮੋਟਰ ਦੀ ਭੂਮਿਕਾ ਵੀ ਨਿਭਾਉਣ ਲੱਗੇ। ਉਹ ਮਾਡਲਿੰਗ ਵਿੱਚ ਵੀ ਹੱਥ ਅਜ਼ਮਾ ਰਹੇ ਸਨ ਅਤੇ ਆਉਣ ਵਾਲੇ ਦਿਨਾਂ ਵਿੱਚ ਕੁਝ ਗੀਤਾਂ ਵਿੱਚ ਕੰਮ ਕਰਨ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਨੇ ਦੇਹਰਾਦੂਨ ਦੀ ਲੜਕੀ ਨਾਲ ਲਵ ਮੈਰਿਜ ਕਰਵਾਈ ਸੀ ਅਤੇ ਵਿਆਹ ਤੋਂ ਮਹਿਜ 11 ਦਿਨਾਂ ਬਾਅਦ ਹੀ ਉਨ੍ਹਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਬਲਾਚੌਰੀਆ ਦੇ ਇੱਕ ਦੋਸਤ ਜਗਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਮੂਲ ਰੂਪ ਵਿੱਚ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀ, ਪਰ ਲੰਮੇ ਸਮੇਂ ਤੋਂ ਬਲਾਚੌਰ (ਨਵਾਂਸ਼ਹਿਰ) ਵਿੱਚ ਰਹਿੰਦਾ ਸੀ। ਪੜ੍ਹਾਈ ਦੌਰਾਨ ਹੀ ਉਨ੍ਹਾਂ ਨੇ ਕੁਸ਼ਤੀ ਖੇਡਣੀ ਸ਼ੁਰੂ ਕਰ ਦਿੱਤੀ ਸੀ। ਬਾਅਦ ਵਿੱਚ ਕਬੱਡੀ ਵੱਲ ਰੁਖ਼ ਕੀਤਾ। ਉਹ ਇੱਕ ਅਮੀਰ ਪਰਿਵਾਰ ਤੋਂ ਸਨ ਅਤੇ ਉਨ੍ਹਾਂ ਨੂੰ ਮਹਿੰਗੀਆਂ ਗੱਡੀਆਂ ਅਤੇ ਹਥਿਆਰ ਰੱਖਣ ਦਾ ਸ਼ੌਕ ਸੀ।
ਉਸ ਦੇ ਦੋਸਤ ਜਸ਼ਨ ਨੇ ਦੱਸਿਆ ਕਿ ਭਾਵੇਂ ਉਹ ਅਮੀਰ ਪਰਿਵਾਰ ਤੋਂ ਸਨ, ਪਰ ਮੋਹਾਲੀ ਆਉਣ ਦੇ ਸ਼ੁਰੂਆਤੀ ਦਿਨਾਂ ਵਿੱਚ ਉਹ ਬਾਈਕ ਨਾਲ ਹੀ ਘੁੰਮਦੇ ਸਨ। ਮਿਹਨਤ ਦੇ ਦਮ ਉਤੇ ਉਨ੍ਹਾਂ ਨੇ ਇਹ ਮੁਕਾਮ ਹਾਸਲ ਕੀਤਾ। ਉਹ ਮਹਿੰਗੀਆਂ ਕਾਰਾਂ ਦੇ ਸ਼ੌਕੀਨ ਸਨ। ਦੋਸਤਾਂ ਨਾਲ ਬਹੁਤ ਪਿਆਰ ਕਰਦੇ ਸਨ ਅਤੇ ਕਿਸੇ ਵੀ ਸਮੇਂ ਮਦਦ ਲਈ ਤਿਆਰ ਰਹਿੰਦੇ ਸਨ।
ਜਦੋਂ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਸੀ ਅਤੇ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਸਨ, ਉਦੋਂ ਦਿਗਵਿਜੈ ਸਿੰਘ ਮੋਹਾਲੀ ਵਿੱਚ ਸਮਾਜ ਸੇਵਾ ਦੇ ਕਾਰਜਾਂ ਵਿੱਚ ਸਰਗਰਮ ਰਹੇ। ਉਨ੍ਹਾਂ ਦੇ ਦੋਸਤਾਂ ਦਾ ਗਰੁੱਪ ਲੋੜਵੰਦ ਲੋਕਾਂ ਨੂੰ ਰਾਸ਼ਨ ਅਤੇ ਜ਼ਰੂਰੀ ਸਮਾਨ ਮੁਹੱਈਆ ਕਰਵਾਉਂਦਾ ਸੀ। ਦੋਸਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰੋਟੀ ਨਾਲ ਦੁੱਧ ਬਹੁਤ ਪਸੰਦ ਸੀ। ਉਹ ਸ਼ਾਕਾਹਾਰੀ ਸਨ ਅਤੇ ਉਸ ਨੇ ਕਦੇ ਵੀ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕੀਤਾ।
ਰਾਣਾ ਬਲਾਚੌਰੀਆ ਦਾ ਵਿਆਹ 4 ਦਿਸੰਬਰ ਨੂੰ ਹੋਇਆ ਸੀ। ਇਸ ਤੋਂ ਬਾਅਦ 6 ਦਿਸੰਬਰ ਨੂੰ ਉਨ੍ਹਾਂ ਨੇ ਰਿਸੈਪਸ਼ਨ ਰੱਖਿਆ ਸੀ। ਉਨ੍ਹਾਂ ਦੀ ਬਰਾਤ ਦੇਹਰਾਦੂਨ ਗਈ ਸੀ। ਦੋਸਤਾਂ ਮੁਤਾਬਕ, ਉਹ ਆਪਣੇ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ। ਉਨ੍ਹਾਂ ਦੀ ਲਵ ਮੈਰਿਜ ਸੀ, ਜਿਸ ਨੂੰ ਪਰਿਵਾਰ ਨੇ ਪੂਰੇ ਉਤਸ਼ਾਹ ਨਾਲ ਸੰਪੰਨ ਕਰਵਾਇਆ। ਉਨ੍ਹਾਂ ਦਾ ਇੱਕ ਛੋਟਾ ਭਰਾ ਹੈ, ਜਦਕਿ ਭੈਣ ਵਿਦੇਸ਼ ਵਿੱਚ ਰਹਿੰਦੀ ਹੈ।
ਆਪਣੀ ਇੰਸਟਾਗ੍ਰਾਮ ਪ੍ਰੋਫਾਈਲ ਉੱਤੇ ਰਾਣਾ ਬਲਾਚੌਰੀਆ ਨੇ ਇੱਕ ਪੋਸਟ ਸ਼ੇਅਰ ਕਰਕੇ ਦੱਸਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਦੇ ਘਰ ਉੱਤੇ 13 ਮਹੀਨੇ, 13 ਘੰਟੇ ਅਤੇ 13 ਪਲ ਠਹਿਰੇ ਸਨ। ਉਨ੍ਹਾਂ ਦੇ ਪਰਿਵਾਰ ਨੂੰ ਗੁਰੂ ਸਾਹਿਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ। ਇਸੇ ਦੌਰਾਨ ਗੁਰੂ ਸਾਹਿਬ ਨੇ ਉਨ੍ਹਾਂ ਦੇ ਘਰ ਉੱਤੇ 100 ਸਾਖੀਆਂ (ਸਿੱਖਿਆਵਾਂ) ਲਿਖੀਆਂ ਸਨ। ਇਸ ਕਾਰਨ ਉਹ ਆਪਣੇ ਆਪ ਨੂੰ ਭਾਗਸ਼ਾਲੀ ਮੰਨਦੇ ਸਨ ਅਤੇ ਉਸ ਘਰ ਨੂੰ ਸਵਰਗ ਵਰਗਾ ਸਮਝਦੇ ਸਨ।