ਕਸ਼ਮੀਰ ਦੇ ਸਿੱਖਾਂ ਲਈ ਵਖਰਾ ਡਿਗਰੀ ਕਾਲਜ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਛੱਤੀਸਿੰਘਪੁਰਾ ਵਿਚ 10 ਏਕੜ 'ਤੇ ਬਿਲਡਿੰਗ ਨੂੰ ਮਨਜ਼ੂਰੀ : ਸੁਖਮਿੰਦਰ ਸਿੰਘ ਗਰੇਵਾਲ....

Sukhminder Singh Grewal

ਚੰਡੀਗੜ੍ਹ : ਜੰਮੂ ਕਸ਼ਮੀਰ ਸੂਬੇ ਦੇ ਅਨੰਤਨਾਗ ਜ਼ਿਲ੍ਹੇ ਵਿਚ ਪਿੰਡ ਛੱਤੀਸਿੰਘਪੁਰਾ ਵਿਚ ਕੇਂਦਰ ਸਰਕਾਰ ਦੀ ਤਰਫ਼ੋਂ 10 ਏਕੜ ਜ਼ਮੀਨ 'ਤੇ ਇਕ ਸਰਕਾਰੀ ਡਿਗਰੀ ਕਾਲਜ ਵਿਸ਼ੇਸ਼ ਤੌਰ 'ਤੇ ਸਿੱਖ ਲੜਕੇ ਲੜਕੀਆਂ ਲਈ ਖੋਲ੍ਹਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਅਨੰਤਨਾਗ ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਛੱਤੀਸਿੰਘ ਪੁਰਾ ਵਿਚ ਬਣਾਇਆ ਜਾ ਰਿਹਾ ਇਹ ਕਾਲਜ ਉਨ੍ਹਾਂ 35 ਸਿੰਘਾਂ ਨੂੰ ਸਮਰਪਿਤ ਹੋਵੇਗਾ ਜਿਨ੍ਹਾਂ ਨੂੰ  18 ਸਾਲ ਪਹਿਲਾਂ ਅਤਿਵਾਦੀਆਂ ਨੇ ਕਤਲ ਕੀਤਾ ਸੀ। ਅੱਜ ਇਥੇ ਪ੍ਰੈਸ ਕਲੱਬ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੰਮੂ ਕਸ਼ਮੀਰ ਦੇ ਪਾਰਟੀ ਇੰਚਾਰਜ ਅਤੇ ਬੀਜੇਪੀ ਦੇ ਰਾਸ਼ਟਰੀ ਸਕੱਤਰ ਸ. ਸੁਖਮਿੰਦਰ ਸਿੰਘ ਗਰੇਵਾਲ ਨੇ ਦਸਿਆ

ਕਿ ਸੂਬੇ ਦੇ ਰਾਜਪਾਲ ਸੱਤਪਾਲ ਮਲਿਕ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਰੱਖਿਆ ਮੰਤਰੀ ਸੀਤਾਰਮਨ ਨੂੰ ਮਿਲ ਕੇ ਉਨ੍ਹਾਂ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਸਿੱਖਾਂ ਲਈ ਇਹੋ ਜਿਹੇ ਵਿਸ਼ੇਸ਼ ਕੰਮ ਨੇਪਰੇ ਚਾੜ੍ਹਨ ਦੀ ਸਕੀਮ ਬਣਾਈ ਹੈ। ਉਨ੍ਹਾਂ ਦਸਿਆ ਕਿ ਘਾਟੀ ਦੇ 60 ਪਿੰਡਾਂ ਵਿਚ 80,000 ਸਿੱਖ ਵਸਦੇ ਹਨ ਅਤੇ ਉਨ੍ਹਾਂ ਪਿੰਡਾਂ ਵਿਚ ਘੁੰਮ ਕੇ ਉਥੋਂ ਦੇ ਸਿੱਖਾਂ ਦੀਆਂ ਮੁਸ਼ਕਲਾਂ ਦਾ ਹੱਲ ਲੱਭਣ ਵਿਚ ਉਹ ਸਰਕਾਰ ਦੀ ਮਦਦ ਨਾਲ ਕੋਸ਼ਿਸ਼ ਕਰਦੇ ਹਨ। ਸ. ਗਰੇਵਾਲ ਨੇ ਦਸਿਆ ਕਿ ਸਿੱਖ ਪ੍ਰਵਾਰਾਂ ਵਿਚੋਂ ਕਿਸੇ ਨੇ ਵੀ ਕਸ਼ਮੀਰ ਘਾਟੀ ਨੂੰ ਅਲਵਿਦਾ ਨਹੀਂ ਕਿਹਾ ਜਦੋਂ ਕਿ ਹਿੰਦੂ ਪ੍ਰਵਾਰ ਕਈ ਛੱਡ ਕੇ ਦੂਜੇ ਰਾਜਾਂ ਵਿਚ ਚਲੇ ਗਏ ਹਨ।

ਸ. ਗਰੇਵਾਲ ਦਾ ਕਹਿਣਾ ਹੈ ਕਿ ਸਿੱਖਾਂ ਲਈ ਕਸ਼ਮੀਰ ਵਿਚ ਸੰਵਿਧਾਨ ਦੀ ਧਾਰਾ 370 ਹੇਠ ਘੱਟ ਗਿਣਤੀ ਕੌਮ ਦਾ ਦਰਜਾ ਫ਼ਿਲਹਾਲ ਨਹੀਂ ਦਿਤਾ ਗਿਆ, ਆਉਂਦੇ ਸਮੇਂ ਇਸ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੀਜੇਪੀ ਨੇ ਸਿੱਖਾਂ ਤੇ ਹਿੰਦੂ ਪ੍ਰਵਾਰਾਂ ਲਈ ਕਈ ਭਲਾਈ ਦੇ ਕੰਮ ਕਸ਼ਮੀਰ ਵਾਦੀ ਵਿਚ ਸ਼ੁਰੂ ਕੀਤੇ ਹਨ ਤਾਕਿ ਉਨ੍ਹਾਂ ਅੰਦਰ ਵਿਸ਼ਵਾਸ ਕਾਇਮ ਕੀਤਾ ਜਾ ਸਕੇ। ਸੁਖਮਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਆਉਂਦੇ ਦਿਨਾਂ ਵਿਚ ਪੰਜਾਬ ਤੋਂ ਸਿੱਖ ਜਥਾ ਲੈ ਕੇ ਜੰਮੂ ਕਸ਼ਮੀਰ ਦੇ ਰਾਜਪਾਲ ਨਾਲ ਧਨਵਾਦ ਵਾਸਤੇ ਮੁਲਾਕਾਤ ਕੀਤੀ ਜਾਵੇਗੀ।