ਆਪ ਨੇ ਸਥਾਨਕ ਚੋਣਾਂ ’ਚ ਕਾਂਗਰਸ ਵੱਲੋਂ ਸਰਕਾਰੀ ਸਾਧਨ ਵਰਤਣ ਤੇ ਧੱਕੇਸਾਹੀਆਂ ਹੋਣ ਦੀ ਸ਼ੰਕਾ ਪ੍ਰਗਟਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਪਾਲ ਸਿੰਘ ਚੀਮਾ ਦੀ ਅਗਵਾਈ ’ਚ ਭਲਕੇ ਵਿਧਾਇਕਾਂ ਦਾ ਵਫਦ ਮਿਲੇਗਾ ਰਾਜ ਚੋਣ ਕਮਿਸ਼ਨਰ ਨੂੰ

aap

ਚੰਡੀਗੜ: ਆਮ ਆਦਮੀ ਪਾਰਟੀ ਨੇ ਹੋਣ ਵਾਲੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ’ਚ ਸੱਤਾਧਾਰੀ ਪਾਰਟੀ ਕਾਂਗਰਸ ਵੱਲੋਂ ਚੋਣ ਜਿੱਤਣ ਲਈ ਸਰਕਾਰੀ ਮਿਸ਼ਨਰੀ ਵਰਤਣ ਅਤੇ ਧੱਕੇਸ਼ਾਹੀਆਂ ਕਰਨ ਦੀ ਸ਼ੰਕਾ ਪ੍ਰਗਟਾਈ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਪ੍ਰੈਸ ਬਿਆਨ ਰਾਹੀਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਿਰਪੱਖ ਚੋਣਾਂ ਕਰਾਉਣ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ  ਪਾਰਟੀ ਦੇ ਵਿਧਾਇਕਾਂ ਦਾ ਵਫਦ ਪੰਜਾਬ ਦੇ ਰਾਜ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੂੰ ਮਿਲੇਗਾ। 

ਉਨ੍ਹਾਂ  ਕਿਹਾ ਕਿ ਕਾਂਗਰਸ ਨੇ ਸੱਤਾ ’ਚ ਆਉਣ ਤੋਂ ਬਾਅਦ ਲੋਕਾਂ ਦੇ ਲਈ ਕੋਈ ਕੰਮ ਨਹੀਂ ਕੀਤਾ। ਹੁਣ ਆਪਣੇ ਆਪ ਨੂੰ ਇਹ ਸਿੱਧ ਕਰਨ ਲਈ ਕਿ ਲੋਕਾਂ ਨੇ ਕੰਮਾਂ ਉੱਤੇ ਮੋਹਰ ਲਗਾਈ ਹੈ, ਇਸ ਮਕਸਦ ਵਾਸਤੇ ਹਰ ਤਰੀਕੇ ਨਾਲ ਚੋਣਾਂ ਜਿੱਤਣ ਵਾਸਤੇ ਧੰਦਲੀ ਕਰਨ ਦਾ ਡਰ ਹੈ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਅਕਾਲੀ-ਭਾਜਪਾ ਵੀ ਸੱਤਾ ਵਿੱਚ ਰਹਿੰਦੇ ਹੋਏ ਸਥਾਨਕ ਸਰਕਾਰਾਂ ਦੀਆਂ ਚੋਣਾਂ ਸਮੇਂ ਵੱਡੀਆਂ ਧੰਦੀਆਂ ਕਰਦੇ ਆਏ ਹਨ। ਉਨ੍ਹਾਂ ਕਿਹਾ ਕਿ ਹੁਣ ਵੀ ਇਹ ਡਰ ਹੈ ਕਿ ਕਾਂਗਰਸ ਪਾਰਟੀ ਸਰਕਾਰੀ ਸਾਧਨਾਂ ਦੀ ਦੁਰਵਰਤੋਂ ਕਰਦੀ ਹੋਈ ਸੱਤਾ ਦੇ ਨਸ਼ੇ ਵਿੱਚ ਚੋਣਾਂ ਨੂੰ ਪ੍ਰਭਾਵਿਤ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸੂਬੇ ਭਰ ਵਿੱਚ ਸੁਤੰਤਰ, ਨਿਰਪੱਖ ਅਤੇ ਬਿਨਾਂ ਕਿਸੇ ਭੈਅ ਤੋਂ ਚੋਣਾਂ ਕਰਾਉਣ ਦੀ ਮੰਗ ਨੂੰ ਲੈ ਕੇ ਵਫਦ ਰਾਜ ਚੋਣ ਕਮਿਸ਼ਨਰ ਨੂੰ ਮਿਲੇਗਾ।

ਉਨ੍ਹਾਂ ਕਿਹਾ ਇਹ ਵੀ ਡਰ ਹੈ ਕਿ ਕਾਂਗਰਸ ਪਾਰਟੀ ਆਪਣੀ ਸਰਕਾਰ ਹੋਣ ਦੀ ਤਾਕਤ ਵਰਤਦੇ ਹੋਏ ਵੋਟਰਾਂ ਨੂੰ ਗੁੰਮਰਾਹ ਕਰਨ ਦੇ ਲਈ ਤਰਾਂ ਤਰਾਂ ਦੇ ਹੱਥ ਕੰਢੇ ਵਰਤ ਸਕਦੀ ਹੈ। ਉਨਾਂ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਸਰਕਾਰ ਦੇ ਕਿਸੇ ਵੀ ਦਬਾਅ ਹੇਠ ਨਾ ਆਉਣ। ਚੋਣਾਂ ਵਿੱਚ ਆਪਣੇ ਵੋਟ ਅਧਿਕਾਰ ਦੀ ਸੁਤੰਤਰ ਵਰਤੋਂ ਕਰਦੇ ਹੋਏ ਯੋਗ ਅਤੇ ਇਮਾਨਦਾਰ ਉਮੀਦਵਾਰਾਂ ਦੀ ਚੋਣ ਕਰਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸੱਤਾਧਾਰੀ ਕਿਸੇ ਤਰਾਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਕੋਈ ਹੱਥਕੰਢਾ ਵਰਤਦੀ ਹੈ ਜਾਂ ਸਰਕਾਰੀ ਸਾਧਨਾਂ ਦੀ ਵਰਤੋਂ ਕਰਦੇ ਹੋਏ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਤਾਂ ਉਨਾਂ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾਵੇ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਚੋਣਾਂ ਵਿੱਚ ਕਿਸੇ ਵੀ ਤਰਾਂ ਦੀ ਧੱਕੇਸ਼ਾਹੀ ਵਿਰੁੱਧ ਡਟਕੇ ਸਾਹਮਣਾ ਕਰੇਗੀ।