ਭਾਰਤ-ਆਸਟਰੇਲੀਆ ਟੈਸਟ ਲੜੀ : ਦੂਜੇ ਦਿਨ ਭਾਰਤ ਨੇ ਦੋ ਵਿਕਟਾਂ ’ਤੇ 62 ਦੌੜਾਂ ਬਣਾਈਆਂ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ-ਆਸਟਰੇਲੀਆ ਟੈਸਟ ਲੜੀ : ਦੂਜੇ ਦਿਨ ਭਾਰਤ ਨੇ ਦੋ ਵਿਕਟਾਂ ’ਤੇ 62 ਦੌੜਾਂ ਬਣਾਈਆਂ

image

ਗਾਬਾ, 16 ਜਨਵਰੀ : ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਚਾਰ ਮੈਚਾਂ ਦੀ ਸੀਰੀਜ਼ ਦਾ ਆਖ਼ਰੀ ਟੈਸਟ ਮੈਚ ਗਾਬਾ ’ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫ਼ੈਸਲਾ ਕਰਦੇ ਹੋਏ ਪਹਿਲੇ ਦਿਨ ਦਾ ਖੇਡ ਖਤਮ ਹੋਣ ਤਕ ਮਾਰਨਸ ਲਾਬੁਸ਼ੇਨ ਦੀ ਸੈਂਕੜਾ ਪਾਰੀ (108) ਦੀ ਬਦੌਲਤ 5 ਵਿਕਟਾਂ ਗਵਾ ਕੇ 274 ਦੌੜਾਂ ਬਣਾਈਆਂ। ਮੈਚ ਦੇ ਦੂਜੇ ਦਿਨ ਆਸਟ੍ਰੇਲੀਆ ਦੀ ਪਾਰੀ 369 ਦੌੜਾਂ ’ਤੇ ਸਿਮਟ ਗਈ ਹੈ। ਭਾਰਤ ਵੱਲੋਂ ਟੀ ਨਟਰਾਜਨ, ਸ਼ਾਰਦੁਲ ਠਾਕੁਰ ਅਤੇ ਵਾਸ਼ਿੰਗਟਨ ਸੁੰਦਰ ਨੂੰ 3-3 ਵਿਕਟਾਂ ਮਿਲੀਆਂ। ਜਦੋਂਕਿ ਸਿਰਾਜ ਦੇ ਹੱਥ ਇਕ ਸਫ਼ਲਤਾ ਲੱਗੀ। ਬੱਲੇਬਾਜ਼ੀ ਦੇ ਲਈ ਭਾਰਤੀ ਟੀਮ ਨੇ 62 ਦੌੜਾਂ ’ਤੇ ਦੋ ਵਿਕਟਾਂ ਗਵਾ ਦਿਤੀਆਂ ਹਨ। ਸ਼ੁਭਮਨ 7 ਅਤੇ ਰੋਹਿਤ 44 ਦੌੜਾਂ ਬਣਾ ਕੇ ਆਊਟ ਹੋਏ। ਨਟਰਾਜਨ ਨੇ ਮਾਰਨਸ ਲਾਬੁਸ਼ੇਨ ਦੀ ਵਿਕਟ ਦੇ ਰੂਪ ਵਿਚ ਆਸਟਰੇਲੀਆ ਨੂੰ 5ਵਾਂ ਝਟਕਾ ਦਿੰਦੇ ਹੋਏ ਅਪਣੀ ਦੂਜੀ ਵਿਕਟ ਲਈ। ਲਾਬੁਸ਼ੇਨ 204 ਗੇਂਦਾਂ ’ਤੇ 9 ਚੌਕਿਆਂ ਦੀ ਮਦਦ ਨਾਲ 108 ਦੌੜਾਂ ਬਣਾ ਕੇ ਰਿਸ਼ਭ ਪੰਤ ਦੇ ਹੱਥੋਂ ਕੈਚ ਹੋਏ। ਮੈਥਿਊ ਵੇਡ ਅਰਧ ਸੈਂਕੜੇ ਤੋਂ ਥੋੜ੍ਹੀ ਹੀ ਦੂਰ ਸਨ ਕਿ ਉਨ੍ਹਾਂ ਨਟਰਾਜਨ ਦੀ ਗੇਂਦ ’ਤੇ ਠਾਕੁਰ ਦੇ ਹੱਥੋਂ ਕੈਚ ਹੋ ਕੇ ਪਵੇਲੀਅਨ ਪਰਤਣਾ ਪਿਆ। ਵੇਡ 87 ਗੇਂਦਾਂ ਖੇਡਦੇ ਹੋਏ 6 ਚੌਕਿਆਂ ਦੀ ਮਦਦ ਨਾਲ 45 ਦੌੜਾਂ ਬਣਾ ਕੇ ਪਵੇਲੀਅਨ ਪਰਤੇ। ਤੀਜੀ ਵਿਕਟ ਸਟੀਵ ਸਮਿਥ ਦਾ ਡਿੱਗੀ। ਸਮਿਥ ਅਰਧ ਸੈਂਕੜੇ ਦੀ ਪਾਰੀ ਵੱਲ ਵੱਧ ਰਹੇ ਸਨ ਪਰ 35 ਦੌੜਾਂ ’ਤੇ ਉਨ੍ਹਾਂ ਨੂੰ ਵਾਸ਼ਿੰਗਟਨ ਸੁੰਦਰ ਦੀ ਗੇਂਦ ’ਤੇ ਰੋਹਿਤ ਦੇ ਹੱਥੋਂ ਆਪਣੀ ਵਿਕਟ ਗਵਾਉਣੀ ਪਈ। ਸਮਿਥ ਨੇ 77 ਗੇਂਦਾਂ ਖੇਡੀਆਂ ਅਤੇ ਇਸ ਦੌਰਾਨ 5 ਚੌਕੇ ਲਗਾਉਾਂਦੇਹੋਏ 35 ਦੌੜਾਂ ਬਣਾਈਆਂ। ਵਿਲ ਪੋਕੋਵਸਕੀ ਦੀ ਜਗ੍ਹਾ ਆਸਟਰੇਲੀਆਈ ਟੀਮ ਵਿਚ ਸ਼ਾਮਲ ਹੋਏ ਮਾਰਕਸ ਹੈਰਿਸ ਉਮੀਦਾਂ ’ਤੇ ਖਰਾ ਨਹੀਂ ਉਤਰ ਸਕੇ ਅਤੇ 23 ਗੇਂਦਾਂ ’ਤੇ ਸਿਰਫ਼ 5 ਦੌੜਾਂ ਬਣਾ ਕੇ ਸ਼ਾਰਦੁਲ ਠਾਕੁਰ ਦੀ ਗੇਂਦ ’ਤੇ ਵਾਸ਼ਿੰਗਟਨ ਸੁੰਦਰ ਦੇ ਹੱਥੋਂ ਕੈਚ ਆਊਟ ਹੋ ਗਏ। ਆਸਟਰੇਲੀਆਈ ਓਪਨਰ ਡੈਵਿਡ ਵਾਰਨਰ ਦਾ ਬੱਲਾ ਨਹੀਂ ਚਲਿਆ ਅਤੇ ਉਹ ਪਹਿਲੇ ਓਵਰ ਦੀ ਆਖ਼ਰੀ ਗੇਂਦ ’ਤੇ ਸਿਰਫ਼ 1 ਦੌੜ ਬਣਾ ਕੇ ਪਵੇਲੀਅਨ ਪਰਤ ਗਏ। ਉਹ ਮੁਹੰਮਦ ਸਿਰਾਜ ਦੀ ਗੇਂਦ ’ਤੇ ਰੋਹਿਤ ਦੇ ਹੱਥੋਂ ਕੈਚ ਆਊਟ ਹੋਏ। ਭਾਰਤ ਅਤੇ ਆਸਟਰੇਲੀਆ ਵਿਚਾਲੇ 4 ਮੈਚਾਂ ਦੀ ਸੀਰੀਜ਼ ਫਿਲਹਾਲ 1-1 ਨਾਲ ਬਰਾਬਰੀ ’ਤੇ ਹੈ। ਸਿਡਨੀ ਵਿਚ ਖੇਡਿਆ ਗਿਆ ਤੀਜਾ ਟੈਸਟ ਮੈਚ ਡਰਾ ਰਿਹਾ ਸੀ, ਜਦਕਿ ਮੈਲਬੌਰਨ ਵਿਚ ਭਾਰਤ ਨੇ ਐਡੀਲੇਡ ਵਿਚ ਆਸਟਰੇਲੀਆ ਨੇ ਜਿੱਤ ਦਰਜ ਕੀਤੀ ਸੀ।                  (ਏਜੰਸੀ)