ਐਸਆਈਟੀ ਨੇ ਵੱਡੀ ਕਾਰਵਾਈ ਕਰਦਿਆਂ ਡੀ.ਜੀ.ਪੀ. ਅਤੇ ਆਈ.ਜੀ. ਵਿਰੁਧ ਕੀਤਾ ਚਲਾਨ ਪੇਸ਼

ਏਜੰਸੀ

ਖ਼ਬਰਾਂ, ਪੰਜਾਬ

ਐਸਆਈਟੀ ਨੇ ਵੱਡੀ ਕਾਰਵਾਈ ਕਰਦਿਆਂ ਡੀ.ਜੀ.ਪੀ. ਅਤੇ ਆਈ.ਜੀ. ਵਿਰੁਧ ਕੀਤਾ ਚਲਾਨ ਪੇਸ਼

image

ਕੋਟਕਪੂਰਾ, 16 ਜਨਵਰੀ (ਗੁਰਿੰਦਰ ਸਿੰਘ): ਤਤਕਾਲੀਨ ਬਾਦਲ ਸਰਕਾਰ ਮੌਕੇ ਪੁਲਿਸ ਨੂੰ ਦਿਤੇ ਵਾਧੂ ਅਧਿਕਾਰਾਂ ਦਾ ਮਾਮਲਾ ਬਾਦਲ ਪਰਵਾਰ ਲਈ ਵੀ ਭਾਰੂ ਸਾਬਿਤ ਹੋ ਸਕਦਾ ਹੈ, ਕਿਉਂਕਿ 12 ਅਕਤੂਬਰ 2015 ਨੂੰ ਵਾਪਰੇ ਬਰਗਾੜੀ ਬੇਅਦਬੀ ਕਾਂਡ ਤੋਂ ਦੋ ਦਿਨ ਬਾਅਦ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਵਾਲੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਐਸਆਈਟੀ ਨੇ ਵੱਡੀ ਕਾਰਵਾਈ ਕਰਦਿਆਂ ਬਹਿਬਲ ਗੋਲੀਕਾਂਡ ਦੇ ਮਾਮਲੇ ’ਚ ਫ਼ਰੀਦਕੋਟ ਵਿਖੇ ਇਲਾਕਾ ਮੈਜਿਸਟੇ੍ਰਟ ਸੁਰੇਸ਼ ਕੁਮਾਰ ਦੀ ਅਦਾਲਤ ’ਚ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਵਿਰੁਧ ਚਲਾਨ ਪੇਸ਼ ਕੀਤਾ ਤਾਂ ਅਦਾਲਤ ਨੇ ਉਸ ਦੀ ਸੁਣਵਾਈ ਕਰਦਿਆਂ ਨੋਟਿਸ ਜਾਰੀ ਕਰ ਕੇ ਸੈਣੀ ਅਤੇ ਉਮਰਾਨੰਗਲ ਨੂੰ 9 ਫ਼ਰਵਰੀ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਆਦੇਸ਼ ਦਿਤਾ। 
ਸੁਮੇਧ ਸਿੰਘ ਸੈਣੀ ਅਤੇ ਪਰਮਰਾਜ ਸਿੰਘ ਉਮਰਾਨੰਗਲ ਵਿਰੁਧ ਬਹਿਬਲ ਗੋਲੀਕਾਂਡ ਦੀ ਸਾਜਿਸ਼ ਰਚਣ ਦੇ ਦੋਸ਼ ਲੱਗੇ ਹਨ। ਇਸ ਤੋਂ ਪਹਿਲਾਂ ਐਸਆਈਟੀ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਐੱਸ.ਪੀ. ਬਿਕਰਮਜੀਤ ਸਿੰਘ, ਸਾਬਕਾ ਐਸ.ਐਚ.ਓ. ਅਮਰਜੀਤ ਸਿੰਘ ਕੁਲਾਰ, ਇੰਸ. ਪ੍ਰਦੀਪ ਸਿੰਘ, ਪੰਕਜ ਬਾਂਸਲ ਅਤੇ ਸੁਹੇਲ ਸਿੰਘ ਬਰਾੜ ਵਿਰੁਧ ਵੀ ਅਦਾਲਤ ਵਿਚ ਚਲਾਨ ਪੇਸ਼ ਕਰ ਚੁੱਕੀ ਹੈ। ਐਸਆਈਟੀ ਨੇ ਪਿਛਲੇ ਸਾਲ 6 ਅਕਤੂਬਰ ਨੂੰ ਉਕਤ ਦੋਨੋਂ ਪੁਲਿਸ ਅਧਿਕਾਰੀਆਂ ਨੂੰ ਬਹਿਬਲ ਗੋਲੀਕਾਂਡ ਕੇਸ ਵਿਚ ਨਾਮਜ਼ਦ ਕੀਤਾ ਸੀ। 


ਜ਼ਿਕਰਯੋਗ ਹੈ ਕਿ ਬਹਿਬਲ ਗੋਲੀਕਾਂਡ ਵਾਲੇ ਦਿਨ 14 ਅਕਤੂਬਰ 2015 ਨੂੰ ਪੁਲਿਸ ਦੀ ਗੋਲੀ ਨਾਲ ਦੋ ਨੌਜਵਾਨਾ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖ਼ਮੀ ਹੋ ਗਏ ਸਨ, ਦੇਸ਼-ਵਿਦੇਸ਼ ਵਿਚ ਉਕਤ ਗੋਲੀਕਾਂਡ ਦਾ ਵਿਰੋਧ ਹੋਣ ’ਤੇ ਬਾਦਲ ਸਰਕਾਰ ਵਲੋਂ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ’ਚ ਗਠਿਤ ਕੀਤੀ ਐਸਆਈਟੀ ਦੀ ਜਾਂਚ ਤੋਂ ਬਾਅਦ 21 ਅਕਤੂਬਰ ਨੂੰ ਬਾਜਾਖਾਨਾ ਥਾਣੇ ਵਿਚ ਅਣਪਛਾਤੀ ਪੁਲਿਸ ਵਿਰੁਧ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਹੋਇਆ ਸੀ। ਬਹਿਬਲ ਕਾਂਡ ਤੋਂ ਕੱੁਝ ਕੁ ਮਿੰਟ ਪਹਿਲਾਂ ਕੋਟਕਪੂਰਾ ਵਿਖੇ ਵਾਪਰੇ ਗੋਲੀਕਾਂਡ ਵਾਲੇ ਮਾਮਲੇ ਵਿਚ ਵੀ ਡੀਜੀਪੀ ਸੈਣੀ ਅਤੇ ਆਈ.ਜੀ. ਉਮਰਾਨੰਗਲ ਨੂੰ ਬਤੌਰ ਮੁਲਜ਼ਮ ਨਾਮਜ਼ਦ ਕੀਤਾ ਜਾ ਚੁੱਕਾ ਹੈ। 
ਆਈ.ਜੀ. ਉਮਰਾਨੰਗਲ ਨੂੰ ਗਿ੍ਰ੍ਰਫ਼ਤਾਰ ਕਰਨ ਤੋਂ ਬਾਅਦ ਐਸਆਈਟੀ ਵਲੋਂ ਉਸ ਵਿਰੁਧ ਅਦਾਲਤ ਵਿਚ ਚਲਾਨ ਵੀ ਪੇਸ਼ ਕੀਤਾ ਜਾ ਚੁੱਕਾ ਹੈ ਅਤੇ ਉਕਤ ਕੇਸ ਵਿਚ ਉਮਰਾਨੰਗਲ ਨੂੰ ਜ਼ਮਾਨਤ ਮਿਲੀ ਹੋਈ ਹੈ। ਪਿਛਲੇ ਸਾਲ ਐਸਆਈਟੀ ਵਲੋਂ ਸੁਮੇਧ ਸੈਣੀ ਨੂੰ ਬਹਿਬਲ ਕੇਸ ਵਿਚ ਨਾਮਜ਼ਦ ਕੀਤੇ ਜਾਣ ਤੋਂ ਕੱੁਝ ਦਿਨ ਬਾਅਦ ਹੀ ਕੋਟਕਪੂਰਾ ਗੋਲੀਕਾਂਡ ਕੇਸ ਵਿਚ ਵੀ ਨਾਮਜ਼ਦ ਕਰ ਲਿਆ ਗਿਆ ਸੀ। ਇਸ ਕੇਸ ਵਿਚ ਪੰਜ ਪੁਲਿਸ ਅਧਿਕਾਰੀਆਂ ਸਮੇਤ ਕੋਟਕਪੂਰਾ ਦੇ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਵੀ ਮੁਲਜ਼ਮ ਹਨ, ਜਿਨਾਂ ਵਿਰੁਧ ਐਸਆਈਟੀ ਅਦਾਲਤ ਵਿਚ ਚਲਾਨ ਪੇਸ਼ ਕਰ ਚੁੱਕੀ ਹੈ।
ਸੈਣੀ ਅਤੇ ਉਮਰਾਨੰਗਲ ਨੂੰ 9 ਫ਼ਰਵਰੀ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ!
ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਢਾਹਿਆ ਗਿਆ ਸੀ ਅਤਿਆਚਾਰ