ਭਾਰਤ ਵਿਚ ਸ਼ੁਰੂ ਹੋਈ ਦੁਨੀਆਂ ਦੀ ਸੱਭ ਤੋਂ ਵੱਡੀ ਟੀਕਾਕਰਨ ਮੁਹਿੰਮ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ ਵਿਚ ਸ਼ੁਰੂ ਹੋਈ ਦੁਨੀਆਂ ਦੀ ਸੱਭ ਤੋਂ ਵੱਡੀ ਟੀਕਾਕਰਨ ਮੁਹਿੰਮ

image

image

image

image


ਕੋਰੋਨਾ ਕਾਲ 'ਚ ਲੋਕਾਂ ਦੀਆਂ ਤਕਲੀਫ਼ਾਂ, ਸਿਹਤ ਕਰਮੀਆਂ ਦੇ ਬਲੀਦਾਨ ਨੂੰ ਯਾਦ ਕਰ ਕੇ ਭਾਵੁਕ ਹੋਏ ਮੋਦੀ

ਨਵੀਂ ਦਿੱਲੀ, 16 ਜਨਵਰੀ : ਕੋਵਿਡ 19 ਵਿਰੁਧ ਦੇਸ਼ ਪੱਧਰੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨਿਚਰਵਾਰ ਨੂੰ ਉਸ ਸਮੇਂ ਭਾਵੁਕ ਹੋ ਗਏ ਜਦੋਂ ਅਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਕੋਰੋਨਾ ਕਾਲ 'ਚ ਲੋਕਾਂ ਨੂੰ ਹੋਈਆਂ ਤਕਲੀਫ਼ਾਂ, ਸਿਹਤ ਕਰਮੀਆਂ ਤੇ ਫ਼ਰੰਟ ਲਾਈਨ 'ਤੇ ਤੈਨਾਤ ਕਰਮੀਆਂ ਦੇ ਬਲੀਦਾਨਾਂ ਅਤੇ ਅਪਣੇ ਪ੍ਰਵਾਰਕ ਮੈਂਬਰਾਂ ਦੀ ਅੰਤਮ ਵਿਦਾਈ 'ਚ ਵੀ ਸ਼ਾਮਲ ਨਾ ਹੋ ਪਾਉਣ ਦੇ ਦਰਦ ਦਾ ਜ਼ਿਕਰ ਕੀਤਾ | ਉਨ੍ਹਾਂ ਕਿਹਾ ਇਸ ਲਈ ਅੱਜ ਕੋਰੋਨਾ ਵਾਇਰਸ ਦਾ ਪਹਿਲਾ ਟੀਕਾ ਸਿਹਤ ਸੇਵਾ ਨਾਲ ਜੁੜੇ ਲੋਕਾਂ ਨੂੰ ਲਗਾ ਕੇ ਸਮਾਜ ਅਪਣਾ ਕਰਜ਼ਾ ਚੁਕਾ ਰਿਹਾ ਹੈ | 
ਦੁਨੀਆਂ ਦਾ ਸੱਭ ਤੋਂ ਵੱਡਾ ਟੀਕਾਕਰਨ ਪ੍ਰੋਗਰਾਮ ਸਨਿਚਰਵਾਰ ਤੋਂ ਭਾਰਤ ਵਿਚ ਸ਼ੁਰੂ ਹੋਇਆ | ਟੀਚੇ ਦੀ ਤੁਲਨਾ ਵਿਚ ਪਹਿਲੇ ਦਿਨ ਸਿਰਫ਼ 60 ਫ਼ੀ ਸਦੀ ਲੋਕਾਂ ਨੂੰ ਕੋਰੋਨਾ ਟੀਕਾ ਦਿਤਾ ਗਿਆ | ਸਰਕਾਰ ਨੇ ਪਹਿਲਾਂ ਕਿਹਾ ਸੀ ਕਿ 3 ਲੱਖ 15 ਹਜ਼ਾਰ 37 ਲੋਕਾਂ ਨੂੰ 3,006 ਥਾਵਾਂ 'ਤੇ ਟੀਕਾ ਲਗਾਇਆ ਜਾਵੇਗਾ | ਸ਼ਾਮ ਨੂੰ ਸਰਕਾਰ ਨੇ ਪ੍ਰੈਸ ਕਾਨਫਰੰਸ 'ਚ ਦਸਿਆ ਕਿ ਟੀਕੇ ਵਾਲੀਆਂ ਥਾਵਾਂ ਵੱਧ ਕੇ 3351 
ਹੋ ਗਈਆਂ ਹਨ, ਪਰ ਇਥੇ ਸਿਰਫ਼ 1 ਲੱਖ 65 ਹਜ਼ਾਰ 714 ਟੀਕੇ ਲਗਾਏ ਜਾ ਸਕਦੇ ਹਨ | ਸਾਮ 7.45 ਵਜੇ ਤਕ ਇਹ ਅੰਕੜਾ ਇਕ ਲੱਖ 91 ਹਜਾਰ 181 ਹੋ ਗਿਆ ਹੈ |    
ਦੇਸ਼ ਵਾਸੀਆਂ ਨਾਲ ਗੱਲ ਕਰਦੇ ਹੋਏ ਮੋਦੀ ਨੇ ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ਦੇ ਸੰਘਰਸ਼ ਨੂੰ ਯਾਦ ਕਰ ਭਰੀ ਅੱਖਾਂ ਨਾਲ ਕਿਹਾ ਕਿ ਉਦੋਂ ਭਾਰਤ ਕੋਲ ਕੋਰੋਨਾ ਨਾਲ ਲੜਾਈ ਦਾ ਮਜਬੂਤ ਬੁਨਿਆਦੀ ਢਾਂਚਾ ਨਹੀਂ ਸੀ | ਉਨ੍ਹਾਂ ਕਿਹਾ ਕਿ ਕੋਰੋਨਾ ਨਾਲ ਸਾਡੀ ਲੜਾਈ ਆਤਮਵਿਸ਼ਵਾਸ ਅਤੇ ਆਤਮਨਿਰਭਰਤਾ ਦੀ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਲੜਾਈ ਨਾਲ ਲੜਨ ਲਈ ਅਸੀਂ ਅਪਣੇ ਆਤਮਵਿਸ਼ਵਾਸ ਨੂੰ ਕਮਜੋਰ ਨਹੀਂ ਪੈਣ ਦੇਵਾਂਗੇ | 
ਉਨ੍ਹਾਂ ਕਿਹਾ ਕਿ ਕੋਰੋਨਾ ਨੇ ਬੱਚਿਆਂ ਨੂੰ ਮਾਂ ਤਕ ਤੋਂ ਵੱਖ ਕਰ ਦਿਤਾ | ਮਾਂ ਚਾਅ ਕੇ ਵੀ ਅਪਣੇ ਬੱਚਿਆਂ ਨਾਲ ਨਹੀਂ ਮਿਲ ਪਾ ਰਹੀ ਸੀ | ਇਥੇ ਤਕ ਕਿ ਇਸ ਦੌਰਾਨ ਜੋ ਲੋਕ ਚੱਲੇ ਗਏ, ਉਨ੍ਹਾਂ ਨੂੰ ਵੀ ਸਨਮਾਨਜਨਕ ਵਿਦਾਈ ਨਹੀਂ ਮਿਲ ਸਕੀ | ਪੀ.ਐੱਮ. ਮੋਦੀ ਅਪਣੇ ਸੰਬੋਧਨ ਦੌਰਾਨ ਰੁਕ-ਰੁਕ ਕੇ ਬੋਲ ਰਹੇ ਸਨ ਅਤੇ ਕਾਫੀ ਭਾਵੁਕ ਨਜਰ ਆ ਰਹੇ ਸਨ | ਕੋਰੋਨਾ ਕਾਲ 'ਚ ਕਈ ਲੋਕ ਕੋਵਿਡ ਦੀ ਲਪੇਟ 'ਚ ਆ ਕੇ ਕਦੇ ਘਰ ਵਾਪਸ ਨਹੀਂ ਜਾ ਸਕੇ | ਪੀ.ਐੱਮ. ਮੋਦੀ ਨੇ ਮਰਹੂਮ ਸਿਹਤ ਕਰਮੀਆਂ ਨੂੰ ਯਾਦ ਕਰਦੇ ਹੋਏ ਕਿਹਾ,''ਸਾਡੇ ਸੈਂਕੜੇ ਸਾਥੀ ਅਜਿਹੇ ਵੀ ਹਨ, ਜੋ ਵਾਪਸ ਘਰ ਨਹੀਂ ਆ ਸਕੇ |'' ਉਨ੍ਹਾਂ ਕਿਹਾ ਇਸ ਲਈ ਅੱਜ ਕੋਰੋਨਾ ਵਾਇਰਸ ਦਾ ਪਹਿਲਾ ਟੀਕਾ ਸਿਹਤ ਸੇਵਾ ਨਾਲ ਜੁੜੇ ਲੋਕਾਂ ਨੂੰ ਲਗਾ ਕੇ ਸਮਾਜ ਅਪਣਾ ਕਰਜ਼ਾ ਚੁਕਾ ਰਿਹਾ ਹੈ | 
ਕੋਰੋਨਾ ਵੈਕਸੀਨ ਦੀ ਖੁਰਾਕ ਬਾਰੇ ਗੱਲ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਵੈਕਸੀਨ ਦੀਆਂ 2 ਖੁਰਾਕਾਂ ਬਹੁਤ ਜ਼ਰੂਰੀ ਹੈ | ਪਹਿਲੀ ਤੇ ਦੂਜੀ ਖੁਰਾਕ ਵਿਚ ਲਗਭਗ ਇਕ ਮਹੀਨੇ ਦਾ ਅੰਤਰ ਰਖਿਆ ਜਾਵੇਗਾ | ਦੂਜੀ ਖੁਰਾਕ ਤੋਂ ਬਾਅਦ ਤੁਹਾਡੇ ਸਰੀਰ ਵਿਚ ਕੋਰੋਨਾ ਖ਼ਿਲਾਫ਼ ਜ਼ਰੂਰੀ ਸ਼ਕਤੀ ਵਿਕਸਿਤ ਹੋ ਜਾਵੇਗੀ | ਭਾਰਤ ਟੀਕਾਕਰਨ ਦੇ ਅਪਣੇ ਪਹਿਲੇ ਪੜਾਅ ਵਿਚ 3 ਕਰੋੜ ਲੋਕਾਂ ਦਾ ਟੀਕਾਕਰਨ ਕਰ ਰਿਹਾ ਹੈ |

ਮਨੀਸ਼ ਤਿਵਾੜੀ ਨੇ ਕੋਰੋਨਾ ਟੀਕੇ ਦੀ ਮਨਜ਼ੂਰੀ ਪ੍ਰਕਿਰਿਆ 'ਤੇ ਚੁੱਕੇ ਸਵਾਲ
ਕਿਹਾ, ਟੀਕਿਆਂ ਦੇ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੇਣ ਲਈ ਕੋਈ ਨੀਤੀਗਤ ਢਾਂਚਾ ਨਹੀਂ ਹੈ
ਨਵੀਂ ਦਿੱਲੀ, 16 ਜਨਵਰੀ : ਦੇਸ਼ 'ਚ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਮੁਹਿੰਮ ਸ਼ੁਰੂ ਹੋ ਗਈ ਹੈ | ਟੀਕਾਕਰਨ ਮੁਹਿੰਮ ਸ਼ੁਰੂ ਹੋਣ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਟੀਕਿਆਂ ਦੇ ਇਸਤੇਮਾਲ ਦੀ ਮਨਜ਼ੂਰੀ ਦੀ ਪ੍ਰਕਿਰਿਆ 'ਤੇ ਸਵਾਲ ਖੜ੍ਹੇ ਕੀਤੇ ਹਨ | ਉਨ੍ਹਾਂ ਨੇ ਅੱਜ ਦਾਅਵਾ ਕੀਤਾ ਕਿ ਟੀਕਿਆਂ ਦੇ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੇਣ ਲਈ ਕੋਈ ਨੀਤੀਗਤ ਢਾਂਚਾ ਨਹੀਂ ਹੈ | 
ਮਨੀਸ਼ ਤਿਵਾੜੀ ਨੇ ਟਵੀਟ ਕੀਤਾ ਕਿ ਟੀਕਾਕਰਨ ਸ਼ੁਰੂ ਹੋ ਗਿਆ ਹੈ | ਜਿਵੇਂ ਹੀ ਟੀਕਾ ਲਗਣਾ ਸੁਰੂ ਹੁੰਦਾ ਹੈ, ਇਹ ਸੱਭ ਕੁੱਝ ਥੋੜਾ ਹੈਰਾਨ ਕਰਨ ਵਾਲਾ ਹੈ ਅਤੇ ਇਹ ਅਜੀਬੋ-ਗਰੀਬ ਹੈ ਕਿ ਭਾਰਤ ਕੋਲ ਐਮਰਜੈਂਸੀ ਵਰਤੋਂ ਨੂੰ ਅਧਿਕਾਰਤ ਕਰਨ ਦਾ ਕੋਈ ਨੀਤੀਗਤ ਢਾਂਚਾ ਨਹੀਂ ਹੈ | ਫਿਰ ਵੀ ਐਮਰਜੈਂਸੀ ਸਥਿਤੀ 'ਚ ਦੋ ਟੀਕਿਆਂ ਨੂੰ ਸੀਮਤ ਵਰਤੋਂ ਲਈ ਮਨਜ਼ੂਰੀ ਦਿਤੀ ਗਈ ਹੈ | ਉਨ੍ਹਾਂ ਕਿਹਾ ਕਿ ਕੋਵੈਕਸੀਨ ਇਕ ਵੱਖਰੀ ਕਹਾਣੀ ਹੈ | ਇਸ ਨੂੰ ਉੱਚਿਤ ਪ੍ਰਕਿਰਿਆ ਦੇ ਬਿਨਾਂ ਮਨਜ਼ੂਰੀ ਦਿਤੀ ਗਈ | 
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਕੋਵਿਡ-19 ਖ਼ਿਲਾਫ਼ ਦੁਨੀਆ ਦੇ ਸਭ ਤੋਂ ਵੱਡੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ | ਦੱਸ ਦੇਈਏ ਕਿ ਪਹਿਲੇ ਪੜਾਅ ਵਿਚ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੁੱਲ 3006 ਟੀਕਾਕਰਨ ਕੇਂਦਰ ਬਣਾਏ ਗਏ ਹਨ | ਪਹਿਲੇ ਦਿਨ 3 ਲੱਖ ਤੋਂ ਵਧੇਰੇ ਸਿਹਤ ਕਾਮਿਆਂ ਨੂੰ ਕੋਵਿਡ-19 ਦੇ ਟੀਕੇ ਦੀ ਖ਼ੁਰਾਕ ਦਿੱਤੀ ਜਾਵੇਗੀ |     (ਪੀਟੀਆਈ)