ਖੇਤੀ ਅੰਦੋਲਨ ਦੇ ਹੱਕ ਵਿਚ ਮੋਗੇ ਸ਼ਹਿਰ 'ਚ ਕੀਤਾ ਵਿਲੱਖਣ ਟਰੈਕਟਰ ਮਾਰਚ
ਖੇਤੀ ਅੰਦੋਲਨ ਦੇ ਹੱਕ ਵਿਚ ਮੋਗੇ ਸ਼ਹਿਰ 'ਚ ਕੀਤਾ ਵਿਲੱਖਣ ਟਰੈਕਟਰ ਮਾਰਚ
ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਕੀਤਾ ਜਾਵੇ ਨਿਰਧਾਰਿਤ
ਮੋਗਾ, 16 ਜਨਵਰੀ ( ਗੁਰਜੰਟ ਸਿੰਘ/ਪ੍ਰੇਮ ਹੈਪੀ): ਦੇਸ਼ ਵਿਚ ਚੱਲ ਰਹੇ ਖੇਤੀ ਅੰਦੋਲਨ ਦੇ ਹੱਕ ਵਿਚ ਮੋਗੇ ਸ਼ਹਿਰ 'ਚ ਵਿਲੱਖਣ ਟਰੈਕਟਰ ਮਾਰਚ ਕੀਤਾ ਗਿਆ | ਪੰਜਾਬ ਦੀਆਂ ਤੀਹ ਕਿਸਾਨ ਜਥੇਬੰਦੀਆਂ ਦੇ ਸਾਂਝੇ ਫ਼ਰੰਟ ਵਲੋਂ ਕੀਤੇ ਗਏ ਇਸ ਮਾਰਚ ਦੌਰਾਨ ਟਰੈਕਟਰਾਂ ਅਤੇ ਟਰਾਲੀਆਂ ਦੀ ਦਿੱਖ ਕਿਸੇ ਕੌਮੀ ਪਰੇਡ ਵਾਂਗ ਨਜ਼ਰ ਆਈ | ਜਿੱਥੇ ਟਰੈਕਟਰਾਂ ਉੱਤੇ ਵੱਖੋ-ਵੱਖਰੇ ਰੰਗ ਦੇ ਫ਼ੁੱਲਾਂ ਦੇ ਗੁਲਦਸਤੇ ਵਾਂਗ ਝੰਡੇ ਝੂਲ ਰਹੇ ਸਨ, ਉਥੇ ਸਪੈਸ਼ਲ ਵੱਡ ਆਕਾਰੀ ਬੈਨਰ ਲਗਾ ਕੇ ਤਿਆਰ ਕੀਤੀਆਂ ਟਰਾਲੀਆਂ ਲੋਕਾਂ ਲਈ ਖਿੱਚ ਦਾ ਕੇਂਦਰ ਸਨ |
ਇਨ੍ਹਾਂ ਟਰਾਲੀਆਂ ਉੱਪਰ ਦੇਸ਼ਭਗਤਾਂ-ਸਮਾਜ ਸੁਧਾਰਕਾਂ ਦੀਆਂ ਤਸਵੀਰਾਂ ਸਨ, ਬੈਨਰਾਂ ਉੱਤੇ ਗ਼ਦਰ ਲਹਿਰ ਬਾਬਿਆਂ ਦੇ ਫ਼ੌਲਾਦੀ ਇਰਾਦਿਆਂ ਦੀ ਝਲਕ ਸੀ, ਪੰਜਾਬ ਦੀਆਂ ਜੁਝਾਰੂ ਕਿਸਾਨ ਲਹਿਰਾਂ ਦਾ ਤਸਵੀਰਾਂ ਸਹਿਤ ਇਤਿਹਾਸ ਪ੍ਰਦਰਸ਼ਿਤ ਸੀ, ਸਿੱਖ ਅਤੇ ਪੰਜਾਬ ਦੀਆਂ ਗੌਰਵਮਈ ਪਰੰਪਰਾਵਾਂ ਦੀਆਂ ਝਲਕੀਆਂ ਵੀ ਸਨ | ਟਰੈਕਟਰਾਂ ਦੇ ਸਪੀਕਰਾਂ ਵਿੱਚੋਂ ਕਿਸਾਨੀ ਅੰਦੋਲਨ ਅਤੇ ਦੇਸ਼ਭਗਤੀ ਦਾ ਸੰਗੀਤ ਗੂੰਜ ਰਿਹਾ ਸੀ | ਇਸ ਮਾਰਚ ਦੌਰਾਨ Tਇਪਟਾ ਮੋਗਾ'' ਅਤੇ Tਲਾਈਫ ਆਨ ਸਟੇਜ਼'' ਦੇ ਕਲਾਕਾਰਾਂ ਨੇ ਅੰਦੋਲਨ ਦੀ ਚੜ੍ਹਦੀ ਕਲਾ ਦੀਆਂ ਕਵੀਸ਼ਰੀਆਂ ਅਤੇ ਗੀਤ ਗਾਏ |
ਟਰੈਕਟਰਾਂ-ਟਰਾਲੀਆਂ ਉੱਪਰ ਪੁਰਾਣੇ ਖੇਤੀ ਸੰਦਾਂ ਦੀ ਪ੍ਰਦਰਸ਼ਨੀ ਦਰਸਾ ਰਹੀ ਸੀ ਕਿ ਖੇਤੀ ਸਾਡੀ ਵਿਰਾਸਤ ਹੈ | ਇਸ ਮੌਕੇ ਕਿਸਾਨ ਆਗੂਆਂ ਪ੍ਰਗਟ ਸਿੰਘ ਸਾਫੂਵਾਲਾ, ਗਿਆਨੀ ਛਿੰਦਰ ਸਿੰਘ ਜਲਾਲਾਬਾਦ, ਜਗਜੀਤ ਸਿੰਘ ਧੂੜਕੋਟ, ਉਦੈ ਬੱਡੂਵਾਲ, ਭੁਪਿੰਦਰ ਸਿੰਘ ਦੌਲਤਪੁਰਾ ਅਤੇ ਸੁਖਜਿੰਦਰ ਮਹੇਸਰੀ ਨੇ ਦਾਣਾ ਮੰਡੀ ਵਿੱਚ ਮਾਰਚ ਦੀ ਰਵਾਨਗੀ ਤੋਂ ਪਹਿਲਾਂ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਮਾਰੂ ਕਾਨੂੰਨ ਰੱਦ ਹੋਣੇ ਚਾਹੀਦੇ ਹਨ | ਆਗੂਆਂ ਨੇ ਕਿਹਾ ਕਿ ਦੇਸ਼ ਦੀ ਪਾਰਲੀਮੈਂਟ ਵਿੱਚੋਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਕਾਨੂੰਨ ਨਹੀਂ ਬਣਨੇ ਚਾਹੀਦੇ, ਇਹ ਪਾਰਲੀਮੈਂਟ ਬਣਾਉਣ ਵਾਲੇ ਅਤੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਵਾਲੇ ਅੰਨਦਾਤੇ ਮਜ਼ਦੂਰ ਅਤੇ ਕਿਸਾਨ ਹਨ | ਇਨ੍ਹਾਂ ਨੂੰ ਸਜ਼ਾ ਦੇਣ ਦੀ ਥਾਂ ਸਨਮਾਨ ਦੇਣਾ ਚਾਹੀਦਾ ਹੈ |