ਯੋਗੀ ਕੈਬਨਿਟ ਵਿਚ ਮੰਤਰੀ ਰਹੇ ਦਾਰਾ ਸਿੰਘ ਚੌਹਾਨ ਅਤੇ ਵਿਧਾਇਕ ਆਰ.ਕੇ. ਵਰਮਾ ਸਮਰਥਕਾਂ ਸਮੇਤ ‘ਸਪਾ’

ਏਜੰਸੀ

ਖ਼ਬਰਾਂ, ਪੰਜਾਬ

ਯੋਗੀ ਕੈਬਨਿਟ ਵਿਚ ਮੰਤਰੀ ਰਹੇ ਦਾਰਾ ਸਿੰਘ ਚੌਹਾਨ ਅਤੇ ਵਿਧਾਇਕ ਆਰ.ਕੇ. ਵਰਮਾ ਸਮਰਥਕਾਂ ਸਮੇਤ ‘ਸਪਾ’ ਵਿਚ ਸ਼ਾਮਲ

image

ਭਾਜਪਾ ਨੇ ਸਾਥ ਤਾਂ ਸੱਭ ਦਾ ਲਿਆ ਪਰ ਵਿਕਾਸ ਕੁੱਝ ਲੋਕਾਂ ਦਾ ਕੀਤਾ : ਚੌਹਾਨ

ਲਖ਼ਨਊ, 16 ਜਨਵਰੀ : ਉਤਰ ਪ੍ਰਦੇਸ਼ ਸਰਕਾਰ ਦੇ ਵਣ ਅਤੇ ਵਾਤਾਵਰਣ ਮੰਤਰੀ ਅਹੁਦੇ ਤੋਂ ਹਾਲ ਹੀ ਵਿਚ ਅਸਤੀਫ਼ਾ ਦੇਣ ਵਾਲੇ ਦਾਰਾ ਸਿੰਘ ਚੌਹਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਭਾਈਵਾਲ ‘ਅਪਣਾ ਦਲ (ਸੋਨੋਵਾਲ)’ ਦੇ ਵਿਧਾਇਕ ਡਾ. ਆਰ.ਕੇ. ਵਰਮਾ ਐਤਵਾਰ ਨੂੰ ਅਪਣੇ ਸਮਰਥਕਾਂ ਸਮੇਤ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ ਗਏੇ। ਸਪਾ ਦੇ ਮੁੱਖ ਦਫ਼ਤਰ ਵਿਚ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਪਾਰਟੀ ਦੇ ਸੂਬਾ ਪ੍ਰਧਾਨ ਨਰੇਸ਼ ਉੱਤਮ ਪਟੇਲ ਨੇ ਦਾਰਾ ਸਿੰਘ ਚੌਹਾਨ ਅਤੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਵਿਧਾਇਕ ਆਰ.ਕੇ. ਵਰਮਾ ਦੇ ਅਪਣੇ-ਅਪਣੇ ਸਮਰਥਕਾਂ ਸਮੇਤ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।
  ਇਸ ਮੌਕੇ ਚੌਹਾਨ ਨੇ ਕਿਹਾ ਕਿ 2017 ਵਿਚ ਜਦੋਂ ਭਾਜਪਾ ਸਰਕਾਰ ਬਣੀ ਉਦੋਂ ‘ਸੱਭ ਦਾ ਸਾਥ-ਸੱਭ ਦਾ ਵਿਕਾਸ’ ਨਾਹਰਾ ਦਿਤਾ ਗਿਆ ਸੀ, ਪਰ ਲੰਘਦੇ ਸਮੇਂ ਨਾਲ ਸਾਥ ਤਾਂ ਸੱਭ ਦਾ ਲਿਆ ਗਿਆ, ਪਰ ਵਿਕਾਸ ਕੁੱਝ ਚੋਣਵੇਂ ਲੋਕਾਂ ਦਾ ਹੋਇਆ। ਇਸ ਸੂਬੇ ਦੇ ਕੁੱਝ ਚੋਣਵੇਂ ਲੋਕਾਂ ਦਾ ਵਿਕਾਸ ਹੋਇਆ ਅਤੇ ਬਾਕੀ ਲੋਕਾਂ ਨੂੰ ਉਨ੍ਹਾਂ ਦੇ ਹਾਲ ਉਤੇ ਛੱਡ ਦਿਤਾ ਗਿਆ। ਚੌਹਾਨ ਨੇ ਕਿਹਾ,‘‘ਸਪਾ ਮੇਰਾ ਪੁਰਾਣਾ ਘਰ ਹੈ ਅਤੇ ਅਸੀਂ ਉਤਰ ਪ੍ਰਦੇਸ਼ ਦੀ ਸਿਆਸਤ ਬਦਲ ਕੇ ਅਖਿਲੇਸ਼ ਯਾਦਵ ਨੂੰ ਮੁੜ ਮੁੱਖ ਮੰਤਰੀ ਬਣਾਵਾਂਗੇ।’’
  ਅਤਿ ਪਛੜਿਆ ਨੋਨੀਆ (ਚੌਹਾਨ) ਬਰਾਦਰੀ ਤੋਂ ਆਉਣ ਵਾਲੇ ਮਊ ਜ਼ਿਲ੍ਹੇ ਦੀ ਮਧੂਬਨ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਰਹੇ ਦਾਰਾ ਸਿੰਘ ਚੌਹਾਨ ਨੇ ਬੀਤੀ 12 ਜਨਵਰੀ ਨੂੰ ਯੋਗੀ ਸਰਕਾਰ ’ਤੇ ਪਛੜੇ, ਅਨਸੂਚਿਤ ਜਾਤੀ, ਕਿਸਾਨਾ ਅਤੇ ਬੇਰੁਜ਼ਗਾਰਾਂ ਦੀ ਅਣਦੇਖੀ ਕਰਨ ਦਾ ਦੋਸ਼ ਲਗਾਉਂਦੇ ਹੋਏ ਵਣ ਅਤੇ ਵਾਤਾਵਰਣ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਪ੍ਰਤਾਪਗੜ੍ਹ ਦੇ ਵਿਸ਼ਵਨਾਥਗੰਜ ਸੀਟ ਤੋਂ ‘ਅਪਣਾ ਦਲ ਸੋਨੋਵਾਲ’ ਦੇ ਦੂਜੀ ਵਾਰ ਵਿਧਾਇਕ ਬਣੇ ਡਾ. ਆਰ.ਕੇ. ਵਰਮਾ ਨੂੰ ਪਾਰਟੀ ਲੀਡਰਸ਼ਿਪ ਨੇ ਪਿਛਲੇ ਦਿਨੀਂ ਦਲ ਤੋਂ ਮੁਅੱਤਲ ਕਰ ਦਿਤਾ ਸੀ। (ਪੀਟੀਆਈ)