ਪੰਜਾਬ ਕਾਂਗਰਸ ਵਿਚ ਬਗ਼ਾਵਤ ਕਰਨ ਵਾਲਿਆਂ ਦੀ ਗਿਣਤੀ ਵਧਣ ਲੱਗੀ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਕਾਂਗਰਸ ਵਿਚ ਬਗ਼ਾਵਤ ਕਰਨ ਵਾਲਿਆਂ ਦੀ ਗਿਣਤੀ ਵਧਣ ਲੱਗੀ

image


ਹੁਣ ਮੁੱਖ ਮੰਤਰੀ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਤੇ ਕੁੜਮ ਕੇ.ਪੀ. ਨੇ ਵੀ ਦਿਖਾਏ ਬਾਗ਼ੀ ਤੇਵਰ

ਚੰਡੀਗੜ੍ਹ, 16 ਜਨਵਰੀ (ਭੁੱਲਰ): ਪੰਜਾਬ ਕਾਂਗਰਸ ਵਿਚ ਕਈ ਵਿਧਾਇਕਾਂ ਦੀਆਂ ਟਿਕਟਾਂ ਕੱਟੇ ਜਾਣ 'ਤੇ ਅਗਲੀ ਸੂਚੀ ਵਿਚ ਕੁੱਝ ਹੋਰ ਵਿਧਾਇਕਾਂ ਨੂੰ  ਟਿਕਟਾਂ ਨਾ ਮਿਲਣ ਦੀ ਚਰਚਾ ਦੌਰਾਨ ਪੰਜਾਬ ਕਾਂਗਰਸ ਵਿਚ ਆਗੂ ਤੇ ਕਈ ਮੌਜੂਦਾ ਵਿਧਾਇਕ ਖੁਲ੍ਹੇਆਮ ਬਾਗ਼ੀ ਹੋ ਰਹੇ ਹਨ |
ਅੱਜ ਹੀ ਦੋ ਮੌਜੂਦਾ ਵਿਧਾਇਕਾਂ ਹਰਜੋਤ ਕਮਲ ਅਤੇ ਨਾਜ਼ਰ ਸਿੰਘ ਮਾਨਸਾਹੀਆ ਦੇ ਭਾਜਪਾ ਵਿਚ ਦਾਖ਼ਲੇ ਤੋਂ ਪਹਿਲਾਂ ਬੀਤੇ ਦਿਨ 3 ਵਾਰ ਵਿਧਾਇਕ ਰਹੇ ਸਾਬਕਾ ਮੰਤਰੀ ਜੋਗਿੰਦਰ ਮਾਨ 'ਆਪ' ਵਿਚ ਸ਼ਾਮਲ ਹੋ ਚੁੱਕੇ ਹਨ | ਹੁਣ ਉਸ ਸਮੇਂ ਸਥਿਤੀ ਹੋਰ ਦਿਲਚਸਪ ਬਣ ਗਈ ਹੈ ਜਦੋਂ ਮੁੱਖ ਮੰਤਰੀ ਚੰਨੀ ਦੇ ਭਰਾ ਅਤੇ ਕੁੜਮ ਵੀ ਟਿਕਟਾਂ ਨਾ ਮਿਲਣ ਕਾਰਨ ਕਾਂਗਰਸ ਤੋਂ ਬਾਗ਼ੀ ਹੋ ਗਏ ਹਨ | ਮੁੱਖ ਮੰਤਰੀ ਦੇ ਭਰਾ ਡਾ. ਮਨੋਹਰ ਸਿੰਘ ਜੋ ਅਪਣੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਟਿਕਟਾਂ ਦੀ ਦਾਅਵੇਦਾਰੀ ਜਤਾਉਂਦਿਆਂ ਚੋਣ ਮੁਹਿੰਮ ਚਲਾ ਰਹੇ ਸਨ | ਪਰ ਮੁੱਖ ਮੰਤਰੀ ਉਨ੍ਹਾਂ ਨੂੰ  ਟਿਕਟ ਨਾ ਦਿਵਾ ਸਕੇ ਅਤੇ ਨਵਜੋਤ ਸਿੱਧੂ ਦੀ ਸਿਫ਼ਾਰਸ਼ ਨਾਲ ਬਸੀ ਪਠਾਣਾਂ ਤੋਂ ਮੌਜੂਦਾ ਉਮੀਦਵਾਰ ਗੁਰਪ੍ਰੀਤ ਜੀ.ਪੀ. ਨੂੰ  ਹੀ ਟਿਕਟ ਮਿਲ ਗਈ |
ਹੁਣ ਮਨੋਹਰ ਸਿੰਘ ਨੇ ਬਾਗ਼ੀ ਹੋ ਕੇ ਕਾਂਗਰਸ ਦਾ ਵਿਰੋਧ ਕਰਦਿਆਂ ਆਜ਼ਾਦ ਹੀ ਲੜਨ ਦਾ ਐਲਾਨ ਕਰ ਦਿਤਾ ਹੈ | ਇਸੇ ਤਰ੍ਹਾਂ ਮੁੱਖ ਮੰਤਰੀ ਦੇ ਕੁੜਮ ਤੇ ਪੰਜਾਬ ਕਾਂਗਰਸ ਪ੍ਰਧਾਨ ਮਹਿੰਦਰ ਸਿੰਘ ਕੇ.ਪੀ. ਵੀ ਆਦਮਪੁਰ ਤੋਂ ਟਿਕਟ ਦੇ ਦਾਅਵੇਦਾਰ ਸਨ ਅਤੇ ਉਨ੍ਹਾਂ ਦੀ ਥਾਂ ਬਸਪਾ ਛੱਡ ਕੇ ਆਏ ਆਗੂ ਸੁਖਵਿੰਦਰ ਕੋਟਲੀ ਨੂੰ  ਟਿਕਟ ਦਿਤੀ ਗਈ ਹੈ | ਇਸ ਤੋਂ ਕੇ.ਪੀ. ਵੀ ਨਰਾਜ਼ ਹੋ ਗਏ ਹਨ ਅਤੇ ਉਹ ਵੀ ਬਾਗ਼ੀ ਸੁਰ ਦਿਖਾ ਰਹੇ ਹਨ |

 ਪਤਾ ਲੱਗਾ ਹੈ ਕਿ ਉਹ ਵੀ ਭਾਜਪਾ ਵਿਚ ਜਾਣ ਦੀ ਤਿਆਰੀ ਵਿਚ ਹਨ | ਇਸ ਤਰ੍ਹਾਂ ਮੁੱਖ ਮੰਤਰੀ ਲਈ ਵੀ ਇਨ੍ਹਾਂ ਨੂੰ  ਮਨਾਉਣਾ ਚੁਨੌਤੀ ਬਣ ਗਿਆ ਹੈ | ਕੇ.ਪੀ. ਨੇ ਅਪਣੇ ਸਮਰਥਕਾਂ ਨਾਲ ਮੀਟਿੰਗ ਬਾਅਦ ਐਲਾਨ ਕੀਤਾ ਕਿ ਜੇ ਉਨ੍ਹਾਂ ਦੀ ਟਿਕਟ ਬਾਰੇ ਹਾਈਕਮਾਨ ਨੂੰ  ਮੁੜ ਵਿਚਾਰ ਕਰ ਕੇ ਫ਼ੈਸਲਾ ਨਾ ਕੀਤਾ ਤਾਂ ਉਹ ਚੋਣ ਜ਼ਰੂਰ ਲੜਨਗੇ, ਭਾਵੇਂ ਕਿਸੇ ਵੀ ਪਾਰਟੀ ਜਾਂ ਆਜ਼ਾਦ ਉਮੀਦਵਾਰ ਵਲੋਂ ਲੜਨੀ ਪਵੇ |