14 ਫ਼ਰਵਰੀ ਨੂੰ ਪੰਜਾਬ 'ਚ ਵੋਟਾਂ ਪੈਣ ਦਾ ਪ੍ਰੋਗਰਾਮ ਕੁੱਝ ਦਿਨ ਅੱਗੇ ਪੈਣ ਦੇ ਆਸਾਰ ਬਣਨ ਲੱਗੇ

ਏਜੰਸੀ

ਖ਼ਬਰਾਂ, ਪੰਜਾਬ

14 ਫ਼ਰਵਰੀ ਨੂੰ ਪੰਜਾਬ 'ਚ ਵੋਟਾਂ ਪੈਣ ਦਾ ਪ੍ਰੋਗਰਾਮ ਕੁੱਝ ਦਿਨ ਅੱਗੇ ਪੈਣ ਦੇ ਆਸਾਰ ਬਣਨ ਲੱਗੇ

image


ਮੁੱਖ ਮੰਤਰੀ ਚੰਨੀ ਤੇ ਬਸਪਾ ਬਾਅਦ ਹੁਣ ਭਾਜਪਾ, ਕੈਪਟਨ ਅਤੇ ਢੀਂਡਸਾ ਨੇ ਵੀ ਕਰ ਦਿਤੀ ਹੈ ਇਸ ਤਰੀਕ 'ਚ ਬਦਲਾਅ ਦੀ ਮੰਗ

ਚੰਡੀਗੜ੍ਹ, 16 ਜਨਵਰੀ (ਗੁਰਉਪਦੇਸ਼ ਭੁੱਲਰ): ਚੋਣ ਕਮਿਸ਼ਨ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਐਲਾਨੇ ਪ੍ਰੋਗਰਾਮ ਵਿਚ ਬਦਲਾਅ ਦੇ ਆਸਾਰ ਬਣ ਰਹੇ ਹਨ ਅਤੇ ਜੇ ਇਸ ਤਰ੍ਹਾਂ ਹੋਇਆ ਤਾਂ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਇਕ ਹਫ਼ਤਾ ਅੱਗੇ ਹੋ ਸਕਦੀਆਂ ਹਨ | ਇਸ ਦਾ ਕਾਰਨ ਵੋਟਾਂ ਲਈ ਤੈਅ 14 ਫ਼ਰਵਰੀ ਬਾਅਦ ਇਕ ਦਿਨ ਵਿਚਕਾਰ ਛੱਡ ਕੇ 16 ਫ਼ਰਵਰੀ ਨੂੰ  ਭਗਤ ਰਵੀਦਾਸ ਜੈਯੰਤੀ ਹੈ | ਇਸ ਦੇ ਮੱਦੇਨਜ਼ਰ ਲੱਖਾਂ ਸ਼ਰਧਾਲੂਆਂ ਦੇ ਇਹ ਦਿਨ ਉਤਰ ਪ੍ਰਦੇਸ਼ ਵਿਚ ਭਗਤ ਰਵੀਦਾਸ ਦੇ ਜਨਮ ਸਥਾਨ ਬਨਾਰਸ ਵਿਖੇ 14 ਫ਼ਰਵਰੀ ਤੋਂ ਪਹਿਲਾਂ ਬਨਾਰਸ ਚਲੇ ਜਾਣਾ ਹੈ ਜੋ ਵੋਟਾਂ ਵਾਲੇ ਦਿਨ ਨਹੀਂ ਆ ਸਕਣਗੇ |
ਇਸ ਸਬੰਧ ਵਿਚ ਸੱਭ ਤੋਂ ਪਹਿਲਾਂ ਪਿਛਲੇ ਦਿਨੀਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਮੰਗ ਕੀਤੀ ਸੀ | ਇਸ ਤੋਂ ਬਾਅਦ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਚੋਣ ਕਮਿਸ਼ਨ ਨੂੰ  14 ਫ਼ਰਵਰੀ ਵਾਲੇ ਦਿਨ ਹੋਣ ਵਾਲੀ ਚੋਣ ਕੁੱਝ ਦਿਨ ਅੱਗੇ ਪਾਉਣ ਲਈ ਪੱਤਰ ਲਿਖਿਆ | ਉਨ੍ਹਾਂ ਘੱਟੋ ਘੱਟ 5-6 ਦਿਨ ਵੋਟਾਂ ਅੱਗੇ ਪਾਉਣ ਦੀ ਮੰਗ ਰੱਖੀ ਹੈ ਤਾਂ ਜੋ ਬਨਾਰਸ ਅਪਣੇ ਗੁਰੂ ਜੀ ਦਾ
ਦਿਨ ਮਨਾਉਣ ਪੰਜਾਬ ਵਿਚੋਂ ਜਾਣ ਵਾਲੇ ਲੱਖਾਂ ਸ਼ਰਧਾਲੂ ਵਾਪਸ ਆ ਕੇ ਅਪਣੇ ਵੋਟ ਦਾ ਅਧਿਕਾਰ ਵਰਤ ਸਕਣ | ਇਨ੍ਹਾਂ ਸ਼ਰਧਾਲੂਆਂ ਦੀ ਗਿਣਤੀ 20 ਲੱਖ ਦੇ ਕਰੀਬ ਦਸੀ ਜਾਂਦੀ ਹੈ |
ਇਨ੍ਹਾਂ ਦੀ ਵੋਟਾਂ ਸਮੇਂ ਗ਼ੈਰ ਹਾਜ਼ਰੀ ਨਾਲ ਸਿਆਸੀ ਸਮੀਕਰਨ ਵਿਗੜਣ ਨਾਲ ਪਾਰਟੀਆਂ ਨੂੰ  ਨੁਕਸਾਨ ਹੋਣ ਦਾ ਡਰ ਹੈ | ਸ਼ਰਧਾਲੂਆਂ ਦੀਆਂ ਧਾਰਮਕ ਭਾਵਨਾਵਾਂ ਕਾਰਨ ਉਨ੍ਹਾਂ ਦਾ ਬਨਾਰਸ ਜਾਣਾ ਵੀ ਜ਼ਰੂਰੀ ਹੈ ਅਤੇ ਵੋਟ ਦੀ ਵਰਤੋਂ ਵੀ ਜ਼ਰੂਰੀ ਹੈ |
ਬਸਪਾ ਤੇ ਮੁੱਖ ਮੰਤਰੀ ਬਾਅਦ ਅੱਜ ਭਾਜਪਾ ਤੋਂ ਇਲਾਵਾ ਪੰਜਾਬ ਲੋਕ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਵੀ ਇਹੀ ਮੰਗ ਉਠਾਉਂਦਿਆਂ ਚੋਣ ਕਮਿਸ਼ਨ ਨੂੰ  ਪੱਤਰ ਲਿਖ ਦਿਤੇ ਹਨ | ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਲੋਂ ਇਨ੍ਹਾਂ ਪੱਤਰਾਂ ਨੂੰ  ਅੱਗੇ ਮੁੱਖ ਚੋਣ ਕਮਿਸ਼ਨ ਨੂੰ  ਭੇਜਿਆ ਜਾ ਰਿਹਾ ਹੈ | ਇਸ ਤਰ੍ਹਾਂ ਸਾਰੀਆਂ ਪਾਰਟੀਆਂ ਦੀ ਮੰਗ ਨੂੰ  ਦੇਖਦਿਆਂ ਕਮਿਸ਼ਨ ਕੋਈ ਫ਼ੈਸਲਾ ਲੈ ਸਕਦਾ ਹੈ |