ਮਹਿਲਾ ਸਸ਼ਕਤੀਕਰਨ ਹਮੇਸ਼ਾ ਮੇਰੇ ਏਜੰਡੇ ਵਿਚ ਸਿਖਰ 'ਤੇ ਰਿਹੈ : ਚੰਨੀ

ਏਜੰਸੀ

ਖ਼ਬਰਾਂ, ਪੰਜਾਬ

ਮਹਿਲਾ ਸਸ਼ਕਤੀਕਰਨ ਹਮੇਸ਼ਾ ਮੇਰੇ ਏਜੰਡੇ ਵਿਚ ਸਿਖਰ 'ਤੇ ਰਿਹੈ : ਚੰਨੀ

image

ਚੰਡੀਗੜ੍ਹ, 16 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਤਵਾਰ ਨੂੰ  ਕਿਹਾ ਕਿ ਔਰਤਾਂ ਨੂੰ  ਸਸ਼ਕਤ ਬਣਾਉਣਾ ਹਮੇਸ਼ਾ ਉਨ੍ਹਾਂ ਦੇ ਏਜੰਡੇ ਦੇ ਸਿਖਰ 'ਤੇ ਰਿਹਾ ਹੈ, ਕਿਉਂਕਿ ਕਿਸੇ ਵੀ ਸਮਾਜ ਦੇ ਵਿਕਾਸ ਲਈ ਔਰਤਾਂ ਦਾ ਸਸ਼ਕਤੀਕਰਨ ਮਹੱਤਵਪੂਰਨ ਹੁੰਦਾ ਹੈ |
ਚੰਨੀ ਨੇ ਟਵੀਟ ਕੀਤਾ,''ਔਰਤਾਂ ਨੂੰ  ਸਸ਼ਕਤ ਬਣਾਉਣਾ ਕਿਸੇ ਵੀ ਸਮਾਜ ਦੇ ਵਿਕਾਸ ਲਈ ਮਹੱਤਵਪੂਰਨ ਹੈ ਅਤੇ ਇਹ ਹਮੇਸ਼ਾ ਮੇਰੇ ਏਜੰਡੇ ਵਿਚ ਸੱਭ ਤੋਂ ਉਪਰ ਰਿਹਾ ਹੈ | ਕੋਈ ਵੀ ਸਮਾਜ ਔਰਤਾਂ ਨੂੰ  ਢੁਕਵਾਂ ਸਨਮਾਨ ਦਿਤੇ ਬਿਨਾਂ ਤਰੱਕੀ ਨਹੀਂ ਕਰ ਸਕਦਾ | ਔਰਤਾਂ ਨੂੰ  ਸਸ਼ਕਤ ਬਣਾਉਣ ਲਈ ਕਈ ਮਹੱਤਵਪੂਰਨ ਪਹਿਲ ਕਦਮੀਆਂ ਕੀਤੀਆਂ ਗਈਆਂ ਹਨ ਅਤੇ ਮੈਂ, ਉਨ੍ਹਾਂ ਦਾ ਭਰਾ, ਹਮੇਸ਼ਾ ਉਨ੍ਹਾਂ ਦੇ ਪੱਖ ਵਿਚ ਖੜਾ ਰਹਾਂਗਾ |'' ਚੰਨੀ ਨੇ ਇਹ ਵੀ ਕਿਹਾ ਕਿ ਚੋਣਾਂ ਦੇ ਐਲਾਨ ਦੇ ਨਾਲ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਦੇ ਰੂਪ ਵਿਚ ਉਨ੍ਹਾਂ ਨੂੰ  ਕੰਮ ਕਰਨ ਲਈ ਘੱਟ ਸਮਾਂ (111 ਦਿਨ) ਮਿਲਿਆ, ਜਿਸ ਵਿਚ ਉਨ੍ਹਾਂ ਨੇ ਸਾਰਿਆਂ ਦੇ ਭਲੇ ਵਾਸਤੇ ਅਪਣਾ 'ਸੌ ਫ਼ੀ ਸਦੀ' ਯੋਗਦਾਨ ਦਿਤਾ |

ਉਨ੍ਹਾਂ ਇਕ ਹੋਰ ਟਵੀਟ ਵਿਚ ਕਿਹਾ,''ਮੈਂ ਹਮੇਸ਼ਾ ਬਰਾਬਰੀ ਦੇ ਮੌਕਿਆਂ ਲਈ ਖੜਾ ਰਿਹਾ ਹਾਂ ਅਤੇ ਸੂਬੇ ਅਤੇ ਇਥੋਂ ਦੇ ਲੋਕਾਂ ਦੀ ਤਰੱਕੀ ਅਤੇ ਵਾਧੇ ਲਈ ਕੰਮ ਕੀਤਾ ਹੈ | ਮੇਰੇ ਕੋਲ ਘੱਟ ਸਮਾਂ ਸੀ ਅਤੇ ਮੈਂ ਸਾਰਿਆਂ ਦੇ ਭਲੇ ਵਾਸਤੇ ਅਪਣੇ ਵਲੋਂ ਪੂਰੀ ਕੋਸ਼ਿਸ਼ ਕੀਤੀ | ਤੁਹਾਡੇ ਲਗਾਤਾਰ ਸਮਰਥਨ ਨਾਲ ਅਸੀਂ ਜਲਦੀ ਹੀ ਸੂਬੇ ਦਾ ਗੁਆਚਿਆ ਮਾਣ ਮੁੜ ਬਹਾਲ ਕਰਾਂਗੇ |''
ਕੁੱਝ ਦਿਨ ਪਹਿਲਾਂ, ਪੰਜਾਬ ਦੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਇਹ ਚੋਣਾਂ ਕਾਂਗਰਸ ਇਕਪਾਸੜ ਰਹਿਣਗੀਆਂ | ਉਨ੍ਹਾਂ ਕਿਹਾ,''ਅਸੀਂ ਭਾਰੀ ਬਹੁਮਤ ਨਾਲ ਚੋਣਾਂ ਜਿੱਤਾਂਗੇ |'' ਉਨ੍ਹਾਂ ਭਰੋਸਾ ਪ੍ਰਗਟਾਇਆ ਕਿ,''ਕਾਂਗਰਸ ਵੱਡੇ ਬਹੁਮਤ ਨਾਲ ਸੱਤਾ ਬਰਕਰਾਰ ਰਖੇਗੀ |'' ਚੰਨੀ ਨੇ ਕਿਹਾ ਸੀ ਕਿ ਲੋਕ ਉਨ੍ਹਾਂ ਦੀ ਸਰਕਾਰ ਵਲੋਂ ਵੱਖ-ਵੱਖ ਵਰਗਾਂ ਦੇ ਭਲੇ ਲਈ ਲਏ ਗਏ ਫ਼ੈਸਲਿਆਂ ਤੋਂ ਖ਼ੁਸ਼ ਹਨ | ਪੰਜਾਬ ਵਿਚ ਇਕ ਵਾਰ ਬਹੁਕੋਣੀ ਮੁਕਾਬਲਾ ਹੋਣ ਦੀ ਸੰਭਾਵਨਾ ਹੈ, ਕਿਉਂਕਿ ਸੂਬੇ ਵਿਚ ਸੱਤਾਧਾਰੀ ਕਾਂਗਰਸ ਅਤੇ ਵਿਰੋਧੀ ਆਮ ਆਦਮੀ ਪਾਰਟੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ, ਭਾਜਪਾ-ਸ਼੍ਰੋਮਣੀ ਅਕਾਲੀ ਦਲ 'ਸੰਯੁਕਤ' ਅਤੇ ਪੰਜਾਬ ਲੋਕ ਕਾਂਗਰਸ ਗਠਜੋੜ ਚੋਣ ਮੈਦਾਨ ਵਿਚ ਹੈ | (ਪੀਟੀਆਈ)