Punjab News: ਲੁਧਿਆਣਾ ਪਛਮੀ ਸੀਟ ਤੋਂ ਚੋਣ ਦਾ ਐਲਾਨ, ਨੋਟੀਫ਼ਿਕੇਸ਼ਨ ਹੋਇਆ ਜਾਰੀ

ਏਜੰਸੀ

ਖ਼ਬਰਾਂ, ਪੰਜਾਬ

Punjab News: ਐਮਐਲਏ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਖ਼ਾਲੀ ਹੋਈ ਸੀਟ 

ਲੁਧਿਆਣਾ ਪਛਮੀ ਸੀਟ ਤੋਂ ਚੋਣ ਦਾ ਐਲਾਨ, ਨੋਟੀਫ਼ਿਕੇਸ਼ਨ ਹੋਇਆ ਜਾਰੀ

 

Ludhiana West constituency: ਲੁਧਿਆਣਾ ਦੇ ਹਲਕਾ ਪਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਇਕ ਹੋਰ ਵਿਧਾਨ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਮੈਦਾਨ ਭੱਖ ਗਿਆ ਹੈ। ਲੁਧਿਆਣਾ ਪਛਮੀ ਸੀਟ ਨੂੰ ਲੈ ਕੇ ਨੋਟੀਫ਼ਿਕੇਸ਼ਨ ਜਾਰੀ ਕਰ ਦਿਤਾ ਗਿਆ ਹੈ। ਜਾਣਕਾਰੀ ਅਨੁਸਾਰ ਹੁਣ ਸੀਟ ’ਤੇ 10 ਜੁਲਾਈ ਤੋਂ ਪਹਿਲਾਂ ਚੋਣ ਕਰਵਾਈ ਜਾਵੇਗੀ। ਦਸਣਯੋਗ ਹੈ ਕਿ 11 ਜਨਵਰੀ ਨੂੰ ਸੀਨ ਨੂੰ ਖ਼ਾਲੀ ਐਲਾਨ ਦਿਤਾ ਗਿਆ ਸੀ।

ਇਥੇ ਇਹ ਦਸਣਾ ਜ਼ਰੂਰੀ ਹੈ ਕਿ ਕੋਈ ਵੀ ਲੋਕ ਸਭਾ ਜਾਂ ਵਿਧਾਨ ਸਭਾ ਸੀਟ ਖ਼ਾਲੀ ਹੋਣ ਤੋਂ ਬਾਅਦ 6 ਮਹੀਨਿਆਂ ਦੇ ਅੰਦਰ-ਅੰਦਰ ਉਪ ਚੋਣਾਂ ਕਰਵਾਉਣੀਆਂ ਜ਼ਰੂਰੀ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਹਲਕਾ ਪਛਮੀ ਦੀ ਜ਼ਿਮਨੀ ਚੋਣ ਵਿਚ ਕਿਹੜੇ-ਕਿਹੜੇ ਚਿਹਰੇ ਚੋਣ ਲੜਨਗੇ ਕਿਉਂਕਿ ਵਿਜੀਲੈਂਸ ਅਤੇ ਈ.ਡੀ. ਦੇ ਕੇਸ ਕਾਰਨ ਲੰਮਾ ਸਮਾਂ ਜੇਲ ਕੱਟਣ ਵਾਲੇ ਆਸ਼ੂ ਇਕ ਵਾਰ ਫਿਰ ਹਲਕਾ ਪਛਮੀ ਸੀਟ ’ਤੇ ਦਾਅਵੇਦਾਰੀ ਪੇਸ਼ ਕਰਨਗੇ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਨਾਲ-ਨਾਲ ਭਾਜਪਾ ਵੀ ਉਮੀਦਵਾਰ ਖੜੇ ਕਰੇਗੀ, ਜਦਕਿ ਅਕਾਲੀ ਦਲ ਦੀ ਸਥਿਤੀ ਸਮਾਂ ਆਉਣ ’ਤੇ ਹੀ ਸਪੱਸ਼ਟ ਹੋਵੇਗੀ।

ਜੇਕਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਮੌਜੂਦਾ ਕਾਰਜਕਾਲ ਦੀ ਗੱਲ ਕਰੀਏ ਤਾਂ ਹੁਣ ਤਕ ਸੰਗਰੂਰ ਅਤੇ ਜਲੰਧਰ ਵਿਚ ਲੋਕ ਸਭਾ ਜ਼ਿਮਨੀ ਚੋਣਾਂ ਤੋਂ ਇਲਾਵਾ ਜਲੰਧਰ ਪਛਮੀ, ਚੱਬੇਵਾਲ, ਡੇਰਾ ਬਾਬਾ ਨਾਨਕ ਅਤੇ ਗਿੱਦੜਬਾਹਾ ਵਿਚ ਲੋਕ ਸਭਾ ਜ਼ਿਮਨੀ ਚੋਣਾਂ ਹੋ ਚੁੱਕੀਆਂ ਹਨ। ਇਨ੍ਹਾਂ ’ਚੋਂ ਜਲੰਧਰ ਲੋਕ ਸਭਾ ਉਪ ਚੋਣ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ ਹੋਈ ਮੌਤ ਤੋਂ ਬਾਅਦ ਹੋਈ ਸੀ।

ਹੁਣ ਇਹ ਸਥਿਤੀ ਹਲਕਾ ਲੁਧਿਆਣਾ ਦੇ ਹਲਕਾ ਪਛਮੀ ਵਿਚ ਆ ਗਈ ਹੈ ਜਿੱਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਗੁਰਪ੍ਰੀਤ ਗੋਗੀ ਨੇ ਲਗਾਤਾਰ ਦੋ ਵਾਰ ਵਿਧਾਇਕ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਰਾਇਆ ਸੀ।