ਸੰਗਰੂਰ 'ਚ ਪੰਜਾਬ ਪੁਲਿਸ ਦੀ ਮੁਲਾਜ਼ਮ ਤੇ ਉਸ ਦੀ ਮਾਂ ਦੀ ਜ਼ਿੰਦਾ ਸੜਨ ਨਾਲ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਰੱਖ਼ਤ ਨਾਲ ਟਕਰਾਉਣ ਕਾਰਨ ਕਾਰ ਨੂੰ ਲੱਗੀ ਅੱਗ

Sangrur Punjab Police employee and his mother burnt alive

ਸੰਗਰੂਰ ਦੇ ਸੂਲਰ ਘਰਾਟ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਇਕ ਸਵਿਫਟ ਕਾਰ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਕਾਰ ਸਵਾਰ ਮਾਂ ਅਤੇ ਧੀ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ। ਮ੍ਰਿਤਕ ਮਹਿਲਾ ਦੀ ਪਛਾਣ ਸਰਬਜੀਤ ਕੌਰ ਵਜੋਂ ਹੋਈ ਹੈ, ਜੋ ਕਿ ਪੰਜਾਬ ਪੁਲਿਸ ਵਿਚ ਮੁਲਾਜ਼ਮ ਸੀ ਅਤੇ ਪਿੰਡ ਮੌੜਾਂ ਦੀ ਰਹਿਣ ਵਾਲੀ ਸੀ।

 ਮਿਲੀ ਜਾਣਕਾਰੀ ਮੁਤਾਬਕ ਸਰਬਜੀਤ ਕੌਰ ਆਪਣੀ ਮਾਤਾ ਇੰਦਰਜੀਤ ਕੌਰ ਨਾਲ ਅੱਜ ਸਵੇਰੇ ਕਾਰ ਰਾਹੀਂ ਰਿਸ਼ਤੇਦਾਰੀ ਵਿਚ ਪਿੰਡ "ਭਾਈ ਕੀ ਪਿਸ਼ੌਰ" ਜਾ ਰਹੇ ਸਨ ਕਿ ਰਸਤੇ ਵਿਚ ਧੁੰਦ ਜ਼ਿਆਦਾ ਹੋਣ ਕਾਰਨ ਕਾਰ ਦਰੱਖ਼ਤ ਨਾਲ ਟਕਰਾ ਗਈ। ਟਕਰਾਉਣ ਤੋਂ ਬਾਅਦ ਕਾਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਨੇ ਕੁਝ ਹੀ ਮਿੰਟਾਂ ਵਿਚ ਭਿਆਨਕ ਰੂਪ ਧਾਰਨ ਕਰ ਲਿਆ ਜਿਸ ਕਰਕੇ ਮਾਂ-ਧੀ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ।

 ਹਾਦਸਾ ਇੰਨਾ ਭਿਆਨਕ ਸੀ ਕਿ ਸਵਿਫਟ ਗੱਡੀ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਅਤੇ ਗੱਡੀ ਦਾ ਨੰਬਰ ਪਛਾਣਿਆ ਨਹੀਂ ਜਾ ਰਿਹਾ। ਪੁਲਿਸ ਨੇ ਗੱਡੀ ਦੇ ਚੈਸੀ ਨੰਬਰ ਤੋਂ ਵੇਰਵੇ ਹਾਸਲ ਕਰਕੇ ਮ੍ਰਿਤਕਾਂ ਦੀ ਸ਼ਨਾਖਤ ਕੀਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਲਈ ਫੋਰੈਂਸਿਕ ਟੀਮਾਂ ਦੀ ਮਦਦ ਲਈ ਜਾ ਰਹੀ ਹੈ ਅਤੇ ਆਸ-ਪਾਸ ਦੇ CCTV ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਰਬਜੀਤ ਕੌਰ ਦਾ ਭਰਾ ਵੀ ਪੰਜਾਬ ਪੁਲਸ ਵਿਚ ਸੇਵਾ ਨਿਭਾਅ ਰਿਹਾ ਹੈ। ਇਸ ਦਰਦਨਾਕ ਘਟਨਾ ਕਾਰਨ ਪੂਰੇ ਇਲਾਕੇ ਵਿਚ ਸ਼ੋਕ ਦੀ ਲਹਿਰ ਹੈ।