ਮਾੜੇ ਨਤੀਜੇ ਵਾਲੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਵਿਰੁਧ ਹੋਵੇਗੀ ਕਾਰਵਾਈ : ਸਿਖਿਆ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਸਿਖਿਆ ਮੰਤਰੀ ਸ਼੍ਰੀ ਓ.ਪੀ. ਸੋਨੀ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਸਰਕਾਰੀ ਸਕੂਲਾਂ ਦਾ ਇਸ ਵਾਰ ਬੋਰਡ ਦੇ ਇਮਤਿਹਾਨਾਂ ਦਾ ਨਤੀਜਾ 100 ਫ਼ੀ ਸਦੀ ਆਵੇਗਾ........

Education Minister Om Parkash Soni

ਬਟਾਲਾ : ਪੰਜਾਬ ਦੇ ਸਿਖਿਆ ਮੰਤਰੀ ਸ਼੍ਰੀ ਓ.ਪੀ. ਸੋਨੀ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਸਰਕਾਰੀ ਸਕੂਲਾਂ ਦਾ ਇਸ ਵਾਰ ਬੋਰਡ ਦੇ ਇਮਤਿਹਾਨਾਂ ਦਾ ਨਤੀਜਾ 100 ਫ਼ੀ ਸਦੀ ਆਵੇਗਾ ਉਨ੍ਹਾਂ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਜਾਵੇਗਾ ਅਤੇ ਜੇਕਰ ਕਿਸੇ ਸਕੂਲ ਦਾ ਨਤੀਜਾ ਆਸ ਨਾਲੋਂ ਘੱਟ ਰਿਹਾ ਤਾਂ ਉਨ੍ਹਾਂ ਸਕੂਲਾਂ ਦੇ ਮੁਖੀਆਂ ਅਤੇ ਸਬੰਧਤ ਅਧਿਆਪਕਾਂ ਵਿਰੁਧ ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਸਿਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਸੂਬੇ ਦੇ ਬੱਚਿਆਂ ਨੂੰ ਮਿਆਰੀ ਸਿਖਿਆ ਦੇਣਾ ਸਰਕਾਰ ਦਾ ਮੁੱਖ ਏਜੰਡਾ ਹੈ।

ਅੱਜ ਕਾਦੀਆਂ ਦੇ ਕਲਾਸਵਾਲਾ ਖ਼ਾਲਸਾ ਸੀਨੀਅਰ ਸਕੈਂਡਰੀ ਸਕੂਲ ਦੇ 69ਵੇਂ ਸਾਲਾਨਾ ਇਨਾਮ ਵੰਡ ਸਮਾਗਮ ਵਿਚ ਹਾਜ਼ਰੀ ਭਰਦਿਆਂ ਸਿਖਿਆ ਮੰਤਰੀ ਸ਼੍ਰੀ ਸੋਨੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਨਾਲ ਨਿੱਜੀ ਸਕੂਲ ਵੀ ਵਿਦਿਆ ਦੇ ਪਸਾਰ ਵਿਚ ਅਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਕਲਾਸਵਾਲਾ ਸਕੂਲ ਨੂੰ ਅਪਣੇ ਅਖਤਿਆਰੀ ਫ਼ੰਡ 'ਚੋਂ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਸ਼੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿਖਿਆ ਦੇ ਖੇਤਰ ਵਿਚ ਹੋਰ ਸੁਧਾਰ ਲਿਆਉਣ ਲਈ ਬਹੁਤ ਜਲਦ ਇਕ ਸਲਾਹਕਾਰ ਬੋਰਡ ਦਾ ਗਠਨ ਕੀਤਾ ਜਾ ਰਿਹਾ ਹੈ

ਜਿਸ ਵਿੱਚ ਸਿਖਿਆ ਸ਼ਾਸ਼ਤਰੀ, ਰਿਟਾਇਡ ਪ੍ਰਿੰਸੀਪਲ ਅਤੇ ਸਿਖਿਆ ਖੇਤਰ ਦੀਆਂ ਪ੍ਰਮੁੱਖ ਹਸਤੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਇਸ ਵਾਰ ਸਿਖਿਆ ਬਜਟ ਵਿਚ ਪਿਛਲੇ ਸਾਲਾਂ ਨਾਲੋਂ 10 ਤੋਂ 15 ਫ਼ੀ ਸਦੀ ਵਾਧਾ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਸਿਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਵਰਦੀਆਂ ਦੇਣ ਲਈ 90 ਕਰੋੜ ਰੁਪਏ ਦੇ ਟੈਂਡਰ ਲਗਾ ਦਿਤੇ ਹਨ।

ਇਸਤੋਂ ਇਲਾਵਾ 23 ਕਰੋੜ ਰੁਪਏ ਦੇ ਟੈਂਡਰ ਸਕੂਲਾਂ ਵਿਚ ਫ਼ਰਨੀਚਰ ਦੇਣ ਲਈ ਲਗਾਏ ਗਏ ਹਨ ਅਤੇ ਹਰ ਸਕੂਲ ਵਿਚ ਬੱਚਿਆਂ ਨੂੰ ਬੈਠਣ ਲਈ ਡੈਸਕ ਮੁਹਈਆ ਕਰਾਏ ਜਾਣਗੇ। ਇਸ ਮੌਕੇ ਐਸ.ਐਸ. ਬੋਰਡ ਦੇ ਮੈਂਬਰ ਰਮਨ ਬਹਿਲ, ਐਸ.ਡੀ.ਐਮ. ਸ਼੍ਰੀ ਰੋਹਿਤ ਗੁਪਤਾ, ਸਿਖਿਆ ਮੰਤਰੀ ਦੇ ਓ.ਐਸ.ਡੀ. ਕੈਪਟਨ ਸੰਜੀਵ ਸ਼ਰਮਾਂ ਆਦਿ ਹਾਜ਼ਰ ਸਨ।